ਇਹਨਾਂ ਸੀਟਾਂ ''ਤੇ ਵੱਡੇ ਜਰਨੈਲਾਂ ਲਈ ਪਰਖ ਦੀ ਘੜੀ

04/24/2019 7:57:16 PM

ਜਲੰਧਰ (ਵੈਬ ਡੈਸਕ) ਕਹਿੰਦੇ ਨੇ ਜਦੋਂ ਜੰਗ ਵਿੱਚ ਖੁਦ ਰਾਜੇ ਨੂੰ ਉੱਤਰਨਾ ਪੈ ਜਾਵੇ ਤਾਂ ਜੰਗ ਆਸਾਨ ਨਹੀਂ ਹੁੰਦੀ। ਅਜਿਹਾ ਹੀ ਮਾਹੌਲ ਆਗਾਮੀ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਪੰਜ ਪਾਰਟੀਆਂ ਦੇ ਪ੍ਰਧਾਨਾਂ ਅਤੇ ਵੱਡੇ ਜਰਨੈਲਾਂ ਲਈ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਮੁਕਾਬਲੇ ਵਿਚ ਭਾਜਪਾ ਨੇ ਫ਼ਿਲਮੀ ਸਿਤਾਰੇ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਤਾਰ ਦਿੱਤਾ ਹੈ, ਜਿਸ ਕਾਰਨ ਸੁਨੀਲ ਜਾਖੜ ਲਈ ਇਹ ਸਫਰ ਹੋਰ ਔਖਾ ਹੋ ਗਿਆ ਹੈ। ਇਸ ਹਲਕੇ ’ਚ ਲੰਮਾ ਸਮਾਂ ਬਾਲੀਵੁੱਡ ਸਟਾਰ ਵਿਨੋਦ ਖੰਨਾ ਦੀ ਝੰਡੀ ਰਹੀ ਹੈ ਤੇ ਇੱਥੋਂ ਲੋਕਾਂ ਨੇ ਫਿਲਮੀ ਸਿਤਾਰਿਆਂ ਨੂੰ ਹਮੇਸ਼ਾ ਤੋਂ ਵਧੇਰੇ ਤਵੱਜੋ ਦਿੱਤੀ ਹੈ।

ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਬੇਸ਼ੱਕ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਵੀ ਹਨ ਪਰ ਫਿਰ ਵੀ  ਜੇਕਰ ਰਾਏ ਸਿੱਖ ਭਾਈਚਾਰਾ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਹਮਾਇਤ 'ਤੇ ਡਟ ਗਿਆ ਤਾਂ ਮੁਸ਼ਕਿਲ ਸਥਿਤੀ ਬਣ ਸਕਦੀ ਹੈ।  ਇਸ ਦੇ ਉਲਟ ਸ਼ੇਰ ਸਿੰਘ ਘੁਬਾਇਆ ਦੇ ਵੀਡੀਓ ਵਿਵਾਦ ਦਾ ਫਾਇਦਾ ਸੁਖਬੀਰ ਬਾਦਲ ਨੂੰ ਮਿਲ ਸਕਦਾ ਹੈ।
ਜੇਕਰ ਗੱਲ ਕਰੀਏ ਹੌਟ ਸੀਟ ਬਠਿੰਡਾ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਮੁਕਾਬਲੇ ਵਿਚ ਕਾਂਗਰਸ ਵਿਧਾਇਕ ਤੇ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਜਾ ਵੜਿੰਗ ਨੂੰ ਉਤਾਰਿਆ ਹੈ। ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ 'ਆਪ' ਦੀ ਵਿਧਾਇਕ ਤੇ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਚੋਣ ਮੈਦਾਨ ਵਿਚ ਹਨ। ਇਸ ਹਲਕੇ ਤੋਂ ਮੁਕਾਬਲਾ ਚਾਰ ਕੋਣਾਂ ਹੋ ਚੁੱਕਾ ਹੈ। ਬਠਿੰਡਾ ਲੋਕ ਸਭਾ ਦੀ ਸੀਟ ਇਕਲੌਤੀ ਅਜਿਹੀ ਸੀਟ ਹੈ, ਜਿੱਥੇ ਤਿੰਨ ਮੌਜੂਦਾ ਵਿਧਾਇਕ ਅਤੇ ਇਕ ਮੌਜੂਦਾ ਐਮ.ਪੀ ਵਿਚਕਾਰ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ।  

ਬਠਿੰਡਾ ਨਾਲ ਲਗਦੇ ਸੰਗਰੂਰ ਲੋਕ ਸਭਾ ਹਲਕੇ ਤੋਂ 'ਆਪ' ਦੇ ਪ੍ਰਧਾਨ ਭਗਵੰਤ ਮਾਨ ਦੇ ਮੁਕਾਬਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਭਾਵੇਂ ਕਿ ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਢੀਂਡਸਾ  ਨੂੰ 2014 ਚੋਣਾਂ ਵਿੱਚ ਵੱਡੀ ਹਾਰ ਦਿੱਤੀ ਸੀ ਪਰੰਤੂ ਇਸ ਵਾਰ ਹਲਕੇ ਦੇ ਸਿਆਸੀ ਸਮੀਕਰਨ ਕੁਝ ਹੋਰ ਹੀ ਹਨ ਕਿਉਂਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਜੱਸੀ ਜਸਰਾਜ ਚੋਣ ਮੈਦਾਨ ਵਿਚ ਹਨ। ਇਨ੍ਹਾਂ ਸਾਰੇ ਧਾਕੜ ਆਗੂਆਂ ਵਿਚਕਾਰ ਇਹ ਮੁਕਾਬਲਾ ਵੀ ਕਾਫੀ ਜਬਰਦਸਤ ਹੋਵੇਗਾ।

 ਪਟਿਆਲਾ ਤੋਂ ਸਿਟਿੰਗ ਲੋਕ ਸਭਾ ਮੈਂਬਰ ਅਤੇ ‘ਨਵਾ ਪੰਜਾਬ ਪਾਰਟੀ’ ਦੇ ਬਾਨੀ ਡਾ. ਧਰਮਵੀਰ ਗਾਂਧੀ ਦਾ ਮੁਕਾਬਲਾ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਹੈ। ਇਸ ਹਲਕੇ ਤੋਂ 'ਆਪ' ਦੀ ਮਹਿਲਾ ਉਮੀਦਵਾਰ ਨੀਨਾ ਮਿੱਤਲ ਵੀ ਚੋਣ ਮੈਦਾਨ ਵਿਚ ਹੈ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਸੂਬੇ ਵਿਚ ਆਪ ਦੀ ਲਹਿਰ ਸੀ, ਜਿਸ ਦਾ ਸਿੱਧਾ-ਸਿੱਧਾ ਫਾਇਦਾ ਡਾ.ਗਾਂਧੀ ਨੂੰ ਮਿਲਿਆ ਸੀ ਪਰ ਇਸ ਵਾਰ ਡਾ. ਗਾਂਧੀ ਲਈ ਜਿੱਤਣਾ ਵੱਡੀ ਚੁਣੌਤੀ ਹੈ। ਇਸ ਸਭ ਦੇ ਮੱਦੇਨਜ਼ਰ ਪਟਿਆਲਾ ਤੋਂ ਫਸਵੇਂ ਮੁਕਾਬਲੇ ਦੇ ਆਸਾਰ ਬਣੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਸਾਰੀਆਂ ਸੀਟਾਂ ’ਤੇ ਵੱਡੇ ਜਰਨੈਲਾਂ ਲਈ ਪਰਖ ਦੀ ਘੜੀ ਹੈ।

jasbir singh

This news is News Editor jasbir singh