ਦੰਦਾਂ ਨੇ ਖੋਲ੍ਹੇ ਇਤਿਹਾਸ ਦੇ ਉਹ ਪੰਨੇ ਜਦੋਂ ਲੋਕਾਂ ਨੂੰ ਮਾਰ ਕੇ ਖੂਹ ''ਚ ਦਿੱਤਾ ਸੀ ਸੁੱਟ

11/20/2017 7:35:45 AM

ਚੰਡੀਗੜ੍ਹ  (ਅਰਚਨਾ) - ਪੰਜਾਬ ਦੇ ਕਸਬੇ ਅਜਨਾਲਾ 'ਚ ਖੋਦਾਈ ਦੌਰਾਨ ਮਿਲੀਆਂ ਸੈਂਕੜੇ ਖੋਪੜੀਆਂ, ਕੰਕਾਲ, ਹੱਡੀਆਂ ਤੇ ਦੰਦਾਂ ਦਾ ਸਬੰਧ ਸਿਰਫ ਭਾਰਤੀ ਫੌਜੀਆਂ ਨਾਲ ਹੀ ਨਹੀਂ, ਬਲਕਿ ਪਾਕਿਸਤਾਨ ਤੇ ਈਰਾਨ ਦੇ ਫੌਜੀਆਂ ਨਾਲ ਵੀ ਸੀ। ਅੰਮ੍ਰਿਤਸਰ ਤੋਂ 30 ਕਿਲੋਮੀਟਰ ਸਥਿਤ ਅਜਨਾਲਾ ਦੇ ਇਕ ਖੂਹ 'ਚੋਂ ਮਿਲੇ ਸੈਂਕੜੇ ਕੰਕਾਲਾਂ ਨੂੰ ਪਹਿਲਾਂ 1857 ਦੇ ਵਿਦਰੋਹ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਵਿਦਰੋਹ ਨੂੰ ਧਿਆਨ 'ਚ ਰੱਖਦੇ ਹੋਏ ਮੁਢਲੀ ਖੋਜ 'ਚ ਇਹੀ ਮੰਨਿਆ ਜਾ ਰਿਹਾ ਸੀ ਕਿ ਵਿਦਰੋਹ ਦੌਰਾਨ ਬ੍ਰਿਟਿਸ਼ ਫੌਜੀਆਂ ਨੇ ਭਾਰਤੀ ਫੌਜੀਆਂ ਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ ਸੀ, ਜਦੋਂਕਿ ਪੰਜਾਬ ਯੂਨੀਵਰਸਿਟੀ ਦੇ ਐਂਥ੍ਰੋਪੋਲਾਜੀ ਵਿਭਾਗ ਦੇ ਫਾਰੈਂਸਿਕ ਨਾਹਰ ਦੀ ਖੋਜ ਅਨੁਸਾਰ ਉਨ੍ਹਾਂ ਹੱਡੀਆਂ ਦਾ ਸਬੰਧ ਕਈ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨਾਲ ਸੀ। ਉਨ੍ਹਾਂ 'ਚ ਦੇਸ਼ ਦੇ ਉਤਰ ਤੇ ਦੱਖਣ ਹਿੱਸੇ 'ਚ ਰਹਿਣ ਵਾਲੇ ਭਾਰਤੀ ਤਾਂ ਸਨ ਹੀ, ਪਾਕਿਸਤਾਨ ਤੇ ਈਰਾਨ ਦੇ ਲੋਕ ਵੀ ਸਨ।
ਇਹ ਖੁਲਾਸਾ ਪੀ. ਯੂ. ਦੇ ਫਾਰੈਂਸਿਕ ਮਾਹਿਰ ਡਾ. ਜੇ. ਐੱਸ. ਸੇਹਰਾਵਤ ਨੇ ਕੰਕਾਲਾਂ ਦੇ ਦੰਦਾਂ ਦੀ ਡੀ. ਐੱਨ. ਏ. ਪ੍ਰੋਫਾਈਲਿੰਗ ਤੋਂ ਕੀਤਾ ਹੈ।
ਸੀ. ਸੀ. ਐੱਮ. ਬੀ. ਹੈਦਰਾਬਾਦ 'ਚ ਮੌਜੂਦ ਵੱਖ-ਵੱਖ ਭਾਈਚਾਰਿਆਂ ਦੇ ਡੀ. ਐੱਨ. ਏ. ਰਿਕਾਰਡ ਅਨੁਸਾਰ ਉਨ੍ਹਾਂ ਦੇ ਕੋਲ ਪੂਰੇ ਦੇਸ਼ ਦੇ ਲੋਕਾਂ ਦਾ ਡਾਟਾਬੇਸ ਹੈ।
ਦੰਦਾਂ 'ਤੇ ਕੀਤੇ ਗਏ ਸਟੇਬਲ ਆਈਸੋਟੋਪ ਟੈਸਟ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਦੰਦ ਖੋਦਾਈ 'ਚ ਮਿਲੇ ਹਨ, ਉਨ੍ਹਾਂ 'ਚ 90 ਫੀਸਦੀ ਦੰਦਾਂ ਦਾ ਸਬੰਧ ਅਜਨਾਲਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨਾਲ ਸੀ। 10 ਫੀਸਦੀ ਦੰਦਾਂ, ਜਿਨ੍ਹਾਂ ਦਾ ਸਬੰਧ ਅਜਨਾਲਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਨਾਲ ਸਬੰਧਤ ਜ਼ਿਆਦਾਤਰ ਲੋਕ ਦੱਖਣ ਭਾਰਤੀ ਰਹੇ ਹੋਣਗੇ। ਡਾ. ਸੇਹਰਾਵਤ ਨੇ ਕਿਹਾ ਕਿ ਅੱਗੇ ਦੀ ਰਿਸਰਚ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਜਦੋਂ ਕੰਕਾਲ ਨਾਲ ਸਬੰਧਤ ਲੋਕਾਂ ਦਾ ਕਤਲ ਜਾਂ ਮੌਤ ਹੋਈ, ਉਦੋਂ ਬਿਲਕੁਲ ਠੀਕ ਸਮਾਂ ਕੀ ਸੀ।
ਇਸ ਤਰ੍ਹਾਂ ਹੋਈ ਖੋਜ
ਡਾ. ਸੇਹਰਾਵਤ ਨੇ ਦੱਸਿਆ ਕਿ ਅਜਨਾਲਾ ਦੀ ਖੋਦਾਈ 'ਚ 8500 ਦੰਦ, 5400 ਹੱਡੀਆਂ, ਕਈ ਖੋਪੜੀਆਂ ਮਿਲੀਆਂ ਸਨ। ਖੋਪੜੀਆਂ ਤੇ ਹੱਡੀਆਂ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਚੁੱਕੀ ਸੀ।
ਇਕ ਖੋਜਕਰਤਾ ਦੇ ਅਧਿਐਨ ਨੇ ਵੀ ਦੱਸਿਆ ਸੀ ਕਿ ਤਤਕਾਲੀਨ ਕਮਿਸ਼ਨਰ ਨੇ ਬਹੁਤੇ ਭਾਰਤੀਆਂ ਨੂੰ ਮਰਵਾਇਆ ਸੀ।
ਕਿਤਾਬ ਨੇ ਕਿਹਾ ਸੀ ਕਿ ਉਥੇ 282 ਲੋਕਾਂ ਦੇ ਕੰਕਾਲ ਸਨ, ਜਦੋਂਕਿ ਡੀ. ਐੱਨ. ਏ. ਪ੍ਰੋਫਾਈਲਿੰਗ ਨੇ ਸਾਬਤ ਕੀਤਾ ਕਿ ਖੂਹ 'ਚ ਮਿਲੇ ਸਿੱਕਿਆਂ 'ਤੇ 1853, 1856 ਲਿਖਿਆ ਹੋਇਆ ਸੀ ਤੇ ਨਾਲ ਹੀ ਰਾਣੀ ਵਿਕਟੋਰੀਆ ਦਾ ਚਿੱਤਰ ਵੀ ਮਿਲਿਆ ਹੈ।
ਇਕ ਦੰਦ ਦੇ ਡੀ. ਐੱਨ. ਏ. ਪ੍ਰੋਫਾਈਲ 'ਤੇ ਆਉਂਦਾ ਹੈ 70 ਹਜ਼ਾਰ ਰੁਪਏ ਖਰਚ
ਫਾਰੈਂਸਿਕ ਖੋਜ 'ਚ ਪੰਜਾਬ ਸਰਕਾਰ ਵਲੋਂ ਆਰਥਿਕ ਸਹਾਇਤਾ ਨਾ ਮਿਲਣ 'ਤੇ ਨੈਸ਼ਨਲ ਤੇ ਇੰਟਰਨੈਸ਼ਨਲ ਰਿਸਰਚ ਲੈਬਾਰਟਰੀ ਦੀ ਮਦਦ ਨਾਲ ਖੋਜ ਕੀਤੀ ਗਈ। ਡਾ. ਸੇਹਰਾਵਤ ਨੇ ਕਿਹਾ ਕਿ ਇਕ ਦੰਦ ਦੇ ਡੀ. ਐੱਨ. ਏ. ਪ੍ਰੋਫਾਈਲ 'ਤੇ 70 ਹਜ਼ਾਰ ਰੁਪਏ ਖਰਚ ਆਉਂਦਾ ਹੈ। ਪ੍ਰੋਫਾਈਲ ਦੱਸ ਦਿੰਦੀ ਹੈ ਕਿ ਜਿਹੜੇ ਵਿਅਕਤੀ ਦਾ ਦੰਦ ਹੈ, ਉਸਦਾ ਜਨਮ ਕਦੋਂ ਹੋਇਆ, ਉਸਨੇ ਮਾਂ ਦਾ ਦੁੱਧ ਕਿੰਨਾ ਸਮਾਂ ਪੀਤਾ, ਉਹ ਸਾਕਾਹਾਰੀ ਸੀ ਜਾਂ ਨਹੀਂ, ਮੌਤ ਤੋਂ ਪਹਿਲਾਂ ਵਿਅਕਤੀ ਕਿਹੜੀਆਂ ਥਾਵਾਂ 'ਤੇ ਗਿਆ ਸੀ। ਫਾਰੈਂਸਿਕ ਓਡੋਟੋਲਾਜੀ ਨੇ ਇਹ ਵੀ ਦੱਸਿਆ ਹੈ ਕਿ ਅਜਨਾਲਾ 'ਚ ਮਿਲੇ ਕੰਕਾਲ ਮਰਦਾਂ ਦੇ ਸਨ।
ਕੁਝ ਦੰਦਾਂ ਉਪਰ ਕਾਲੇ ਤੇ ਭੂਰੇ ਰੰਗ ਦੇ ਨਿਸ਼ਾਨ ਦੱਸਦੇ ਹਨ ਕਿ ਕੁਝ ਲੋਕ ਤੰਬਾਕੂ, ਸੁਪਾਰੀ, ਪਾਨ ਮਸਾਲਾ ਤੇ ਸਿਗਰੇਟ ਦਾ ਸੇਵਨ ਵੀ ਕਰਦੇ ਸਨ। ਦੰਦਾਂ 'ਤੇ ਮਿਲੇ ਨਿਸ਼ਾਨ ਲੋਕਾਂ ਦੇ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹੋਣ ਨੂੰ ਵੀ ਦਰਸਾਉਂਦੇ ਹਨ। ਖੋਪੜੀਆਂ 'ਤੇ ਮਿਲੇ ਜ਼ਖਮ ਕਹਿੰਦੇ ਹਨ ਕਿ ਲੋਕਾਂ ਦੇ ਸਿਰਾਂ 'ਤੇ ਜ਼ੋਰ ਨਾਲ ਵਾਰ ਕੀਤੇ ਗਏ ਸਨ।