ਪ੍ਰੀ-ਨਰਸਰੀ ਕਲਾਸਾਂ ਦੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਪੜ੍ਹਾ ਰਹੇ ਨੇ ਅਧਿਆਪਕ

11/17/2017 2:00:36 AM

ਅਜੀਤਵਾਲ,   (ਗਰੋਵਰ/ਰੱਤੀ)-  ਇਕ ਪਾਸੇ ਜਿੱਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ, ਉਸ ਤਹਿਤ ਅਜੀਤਵਾਲ ਅਤੇ ਇਸ ਦੇ ਨਜ਼ਦੀਕੀ ਇਕ-ਦੋ ਪਿੰਡਾਂ 'ਚ ਤਾਂ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਲਈ ਪ੍ਰੇਰਿਆ ਅਤੇ ਨਾਲ ਹੀ ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲਾਂ 'ਚ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਨੂੰ ਦੇਖ ਕੇ ਤਾਂ ਇੰਝ ਲੱਗ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ 'ਤੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਘੱਟ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਜ਼ਿਆਦਾ ਪੈ ਗਈ ਹੈ।
ਇਸ ਵੀਡੀਓ 'ਚ ਇਕ ਪ੍ਰਾਇਮਰੀ ਸਕੂਲ ਦਾ ਅਧਿਆਪਕ ਇਕ ਨਰਸਰੀ ਕਲਾਸ ਦੇ ਬੱਚੇ ਨੂੰ ਕੁੱਛੜ ਚੁੱਕ ਕੇ ਦੂਸਰੇ ਬੱਚਿਆਂ ਨੂੰ ਪੜ੍ਹਾਉਣ ਦਾ ਯਤਨ ਕਰ ਰਿਹਾ ਹੈ ਤੇ ਵਾਰ-ਵਾਰ ਉਹ ਕੁੱਛੜ ਚੁੱਕੇ ਬੱਚੇ ਨੂੰ ਹੇਠਾਂ ਉਤਾਰ ਕੇ ਦੂਸਰੇ ਬੱਚਿਆਂ ਨਾਲ ਬਿਠਾਉਂਦਾ ਵੀ ਦਿਖਾਇਆ ਗਿਆ ਹੈ ਪਰ ਉਹ ਬੱਚਾ ਰੋਂਦਾ ਹੋਇਆ, ਫਿਰ ਉਸ ਦੇ ਕੁੱਛੜ ਚੜ੍ਹ ਜਾਂਦਾ ਹੈ, ਜਿਸ ਕਾਰਨ ਦੂਜੇ ਬੱਚਿਆਂ ਦੀ ਪੜ੍ਹਾਈ 'ਚ ਵੀ ਵਿਘਨ ਪੈਂਦਾ ਹੈ। ਇਹ ਵੀਡੀਓ ਵੱਡੇ ਪੱਧਰ 'ਤੇ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ, ਜੇਕਰ ਇਹੀ ਹਾਲ ਹਰ ਸਰਕਾਰੀ ਪ੍ਰਾਇਮਰੀ ਸਕੂਲ ਦਾ ਰਿਹਾ ਤਾਂ ਸਰਕਾਰ ਦੇ ਇਸ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਦੇ ਪ੍ਰਾਜੈਕਟ ਨੂੰ ਬਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਹਨ। 
ਕੁਝ ਕੁ ਅਧਿਆਪਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਾਡੇ 'ਤੇ ਤਾਂ ਪਹਿਲਾਂ ਹੀ ਗੈਰ-ਵਿਦਿਅਕ ਕੰਮਾਂ ਦਾ ਸਰਕਾਰ ਨੇ ਵੱਡਾ ਬੋਝ ਪਾ ਰੱਖਿਆ ਹੈ ਤੇ ਉਪਰੋਂ ਇਹ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰ ਕੇ ਸਾਥੋਂ ਹੁਣ ਬੱਚਿਆਂ ਦੀ ਸਾਂਭ-ਸੰਭਾਲ ਕਰਵਾ ਕੇ ਆਯਿਆ ਦਾ ਕੰਮ ਵੀ ਲਿਆ ਜਾ ਰਿਹਾ ਹੈ।