ਇਕੋ ਪਿੰਡ ਦੇ ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾ

07/24/2017 1:07:55 AM

ਮੱਖੂ,  (ਵਾਹੀ)—  ਬੀਤੀ ਰਾਤ ਮੱਖੂ ਬਲਾਕ ਦੇ ਪਿੰਡ ਸੂਦਾਂ ਵਿਚ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਸੋਨੇ 'ਤੇ ਹੱਥ ਸਾਫ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੂਦਾਂ ਦੀਆਂ ਦੋ ਹਵੇਲੀਆਂ, ਜਿਨ੍ਹਾਂ ਵਿਚ ਸੁਰਿੰਦਰ ਸਿੰਘ ਪੁੱਤਰ ਕੱਕਾ ਸਿੰਘ ਦੇ ਘਰ ਰਾਤ ਨੂੰ ਚੋਰ ਦਾਖਲ ਹੋ ਕੇ ਸਟੋਰ ਵਿਚ ਪਈ ਅਲਮਾਰੀ ਤੋੜ ਕੇ 2 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਨਣ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰੋਂ 6 ਗ੍ਰਾਮ ਸੋਨੇ ਦੀ ਮੁੰਦਰੀ ਤੇ 13 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਇਸੇ ਪਿੰਡ ਦੇ ਸੰਘਣੀ ਆਬਾਦੀ ਵਿਚ ਰਹਿੰਦੇ ਬਲਦੇਵ ਸਿੰਘ ਪੁੱਤਰ ਮਾਨ ਸਿੰਘ ਦੇ ਘਰ ਵਿਚ ਦਾਖਲ ਹੋ ਕੇ 3000 ਰੁਪਏ ਦੀ ਨਕਦੀ ਅਤੇ ਜੋਗਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰੋਂ 3 ਤੋਲੇ ਸੋਨੇ ਤੇ 8 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ।
ਇਹ ਚੋਰੀਆਂ ਰਾਤ ਨੂੰ 1 ਤੋਂ 3 ਵਜੇ ਦੇ ਦਰਮਿਆਨ ਕੀਤੀਆਂ ਗਈਆਂ, ਜਦੋਂ ਇਨ੍ਹਾਂ ਘਰਾਂ ਦੇ ਲੋਕ ਵਿਹੜੇ ਵਿਚ ਕੂਲਰ ਅਤੇ ਪੱਖੇ ਲਾ ਕੇ ਸੁੱਤੇ ਪਏ ਸਨ ਅਤੇ ਚੋਰੀ ਸਬੰਧੀ ਸਾਰਿਆਂ ਨੂੰ ਦਿਨ ਚੜ੍ਹੇ ਹੀ ਪਤਾ ਲੱਗਾ। ਇਸ ਸਬੰਧੀ ਪੀੜਤ ਪਰਿਵਾਰਾਂ ਵੱਲੋਂ ਪੁਲਸ ਥਾਣਾ ਮੱਖੂ ਵਿਖੇ ਇਤਲਾਹ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।