ਸ਼ੱਕੀ ਵਿਅਕਤੀ ਨੇ ਕੀਤੀ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼

01/06/2018 6:59:28 AM

ਕਪੂਰਥਲਾ, (ਭੂਸ਼ਣ)- ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਇਕ ਸ਼ੱਕੀ ਵਿਅਕਤੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਨੂੰ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਬੈਂਕ 'ਚ ਤਾਇਨਾਤ ਕਰਮਚਾਰੀਆਂ ਦੀ ਮੁਸਤੈਦੀ ਨਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਫਿਲਹਾਲ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।  
ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਮਾਰਗ 'ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਚ ਸਵੇਰੇ ਧੁੰਦ ਸਮੇਂ ਇਕ ਸ਼ੱਕੀ ਵਿਅਕਤੀ ਵੜ ਗਿਆ ਅਤੇ ਉਸ ਨੇ ਲੋਹੇ ਦੀ ਛੋਟੀ ਰਾਡ ਨਾਲ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੈਂਕ 'ਚ ਮੌਜੂਦ ਕਰਮਚਾਰੀਆਂ ਦੀ ਨਜ਼ਰ ਪੈਣ 'ਤੇ ਉਨ੍ਹਾਂ ਨੇ ਏ. ਟੀ. ਐੱਮ. ਦਾ ਸ਼ਟਰ ਬੰਦ ਦਿੱਤਾ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪੁੱਜੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਰਾਮੇਸ਼ਵਰ ਸਿੰਘ ਅਤੇ ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।