ਨਡਾਲਾ ਅਧੀਨ ਪੈਂਦੇ ਪਿੰਡਾਂ ''ਚ ਬਿਜਲੀ ਦੀ ਸਪਲਾਈ ਦਾ ਬੁਰਾ ਹਾਲ

02/09/2018 7:53:41 AM

ਨਡਾਲਾ, (ਸ਼ਰਮਾ)- ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਪਿੰਡਾਂ ਵਿਚ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਹਨ। ਇਸੇ ਤਰ੍ਹਾਂ ਨਡਾਲਾ ਦੇ ਸਬ ਡਵੀਜ਼ਨ ਬਿਜਲੀ ਦਫਤਰ ਅਧੀਨ ਪੈਂਦੇ ਸਾਰੇ ਪਿੰਡਾਂ ਦਾ ਬਿਜਲੀ ਦਾ ਬੁਰਾ ਹਾਲ ਹੋਇਆ ਪਿਆ ਹੈ। ਅੱਜ ਸਵੇਰ ਤੋਂ ਹੀ ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ ਤੇ ਜਦੋਂ ਸਬ ਡਵੀਜ਼ਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ 1 ਵਜੇ ਤਕ ਬਿਜਲੀ ਬੰਦ ਕਰਨ ਦਾ ਹੁਕਮ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋਇਆ ਹੈ। ਬਾਅਦ 'ਚ 1 ਵਜੇ ਬਿਜਲੀ ਨਾ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਪਤਾ ਚਲਿਆ ਕਿ ਹੁਣ ਇਹ ਕੱਟ 4 ਵਜੇ ਤਕ ਕਰ ਦਿੱਤਾ ਗਿਆ ਹੈ।  4 ਵਜੇ ਬਿਜਲੀ ਦੀ ਸਪਲਾਈ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਤਾ ਚਲਿਆ ਕਿ ਇਹ ਬਿਜਲੀ ਦਾ ਕੱਟ ਹੁਣ 7 ਵਜੇ ਤਕ ਵਧਾ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤਕ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਬੰਦ ਸੀ।
ਆਖਿਰ ਪਿੰਡਾਂ ਦੇ ਲੋਕਾਂ ਨਾਲ ਬੇਇਨਸਾਫੀ ਕਿਉਂ?
ਕਸਬਾ ਨਡਾਲਾ ਅਧੀਨ ਪੈਂਦੇ ਸਾਰੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ ਅਤੇ ਇਹ ਸਪਲਾਈ ਦਾ ਕੱਟ ਲਾਉਣ ਦਾ ਹੁਕਮ ਵੀ ਸਿਰਫ ਤੇ ਸਿਰਫ ਪਿੰਡਾਂ ਦੇ ਲੋਕਾਂ 'ਤੇ ਹੀ ਲਾਗੂ ਹੋ ਰਿਹਾ ਹੈ। ਜਦੋਂ ਸਬੰਧਿਤ ਅਧਿਕਾਰੀ ਤੋਂ ਇਸ ਬਾਰੇ ਜਾਨਣਾ ਚਾਹਿਆ ਕਿ ਨਡਾਲਾ ਦੀ ਬਿਜਲੀ ਤਾਂ ਚਲ ਰਹੀ ਹੈ ਪਰ ਪਿੰਡਾਂ ਤੇ ਕੱਟ ਦੇ ਹੁਕਮ ਕਿਉਂ ਤਾਂ ਜਵਾਬ ਮਿਲਿਆ ਕਿ ਸ਼ਹਿਰੀ (ਅਰਬਨ) ਖੇਤਰ ਦੀ ਬਿਜਲੀ ਤੇ ਨਹੀਂ, ਸਿਰਫ ਪੇਂਡੂ ਖੇਤਰ ਦੀ ਸਪਲਾਈ 'ਤੇ ਹੀ ਕੱਟ ਲਾਉਣ ਦਾ ਹੁਕਮ ਹੈ।
ਕੀ ਕਹਿਣੈ ਲੋਕਾਂ ਦਾ
ਇਸ ਸਬੰਧੀ ਗੁਰਮੇਜ ਸਿੰਘ ਸਾਹੀ ਸਰਪੰਚ ਤਲਵਾੜਾ, ਸੁੱਖਵਿੰਦਰ ਸਿੰਘ ਦਰਦੀ ਸਾਬਕਾ ਸਰਪੰਚ ਮਾਡਲ ਟਾਊਨ, ਗੁਰਚਰਨ ਸਿੰਘ ਭੁੱਲਰ ਸਰਪੰਚ ਮਾਡਲ ਟਾਊਨ, ਯੂਨਸ ਪੀਟਰ ਸਹੋਤਾ ਸਾਬਕਾ ਸਰਪੰਚ ਮਾਡਲ ਟਾਊਨ, ਦਰਸ਼ਨ ਸਿੰਘ ਘੁੰਮਣ, ਪਰਮਿੰਦਰ ਸਿੰਘ ਕੁਹਾੜ ਪ੍ਰਧਾਨ ਗੁਰਦੁਆਰਾ ਕਮੇਟੀ ਮਾਡਲ ਟਾਊਨ, ਜ਼ੋਰਾਵਰ ਸਿੰਘ ਪੰਨੂ, ਸੰਤੋਖ ਸਿੰਘ, ਗੁਰਿੰਦਰਜੀਤ ਸਿੰਘ ਚੀਮਾ ਸਾਬਕਾ ਸਰਪੰਚ ਦਮੂਲੀਆਂ, ਤਾਰਾ ਸਿੰਘ ਸਾਬਕਾ ਸਰਪੰਚ ਤਲਵਾੜਾ, ਮਨਜੀਤ ਸਿੰਘ ਮੱਲੀ, ਸਤੀਸ਼ ਕੁਮਾਰ ਸ਼ਰਮਾ, ਸ਼ਿੰਦਾ ਮੱਲ੍ਹੀ, ਬਿਕਰਮ ਜੀਤ ਸਿੰਘ ਭੁੱਲਰ, ਗੁਰਦਿਆਲ ਸਿੰਘ ਘੁੰਮਣ, ਵਿਲਸਨ ਮਸੀਹ ਮੱਟੂ, ਹਰਵਿੰਦਰ ਸਿੰਘ ਚੀਮਾ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ ਅਤੇ ਪਿੰਡਾਂ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਬਿਜਲੀ ਦੀ ਸਪਲਾਈ ਦੇ ਕੱਟ ਸਬੰਧੀ ਇਕ ਦਿਨ ਪਹਿਲਾਂ ਮੀਡੀਏ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਅਗਰ ਬਿਜਲੀ ਦੀ ਸਪਲਾਈ ਦਾ ਇਹੀ ਹਾਲ ਰਿਹਾ ਤਾਂ ਲੋਕ ਸੜਕਾਂ 'ਤੇ ਆਉਣਗੇ ਤੇ ਬਿਜਲੀ ਅਧਿਕਾਰੀਆਂ ਖਿਲਾਫ ਧਰਨਾ ਦਿੱਤਾ ਜਾਵੇਗਾ। 
ਕੀ ਕਹਿੰਦੇ ਨੇ ਐੱਸ. ਡੀ. ਓ. 
ਇਸ ਸਬੰਧੀ ਜਦੋਂ ਐੱਸ. ਡੀ. ਓ. ਨਡਾਲਾ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਹੁਕਮ ਉਪਰੋਂ ਹੀ ਆਉਂਦੇ ਹਨ ਤੇ ਅਸੀਂ ਸਿਰਫ ਹੁਕਮਾਂ ਦੀ ਪਾਲਣਾ ਕਰਦੇ ਹਾਂ।
ਬਿਜਲੀ ਬੋਰਡ ਦਾ ਰੱਬ ਹੀ ਰਾਖਾ
ਪੰਜਾਬ ਸਟੇਟ ਪਾਵਰ ਕਾਮ ਨਡਾਲਾ ਅਧੀਨ ਪੈਂਦੇ ਪਿੰਡਾਂ ਵਿਚ ਅੱਜ ਸਵੇਰ ਤੋਂ ਹੀ ਲੱਗ ਰਹੇ ਕੱਟਾਂ ਤੋਂ ਇੰਝ ਲੱਗ ਰਿਹਾ ਹੈ ਕਿ ਬਿਜਲੀ ਬੋਰਡ ਦਾ ਹੁਣ ਸ਼ਾਇਦ ਰੱਬ ਹੀ ਰਾਖਾ ਹੈ ਕਿਉਂਕਿ ਜਿਸ ਤਰੀਕੇ ਨਾਲ ਸਵੇਰ ਤੋਂ ਹੀ ਪਹਿਲਾਂ 1 ਵਜੇ ਤਕ ਫਿਰ 4 ਵਜੇ ਤਕ, ਫਿਰ 7 ਵਜੇ ਤਕ ਲਗਾਤਾਰ ਕੱਟ ਵਿਚ ਵਾਧਾ ਹੋ ਰਿਹਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਹ ਵੀ ਕੋਈ ਪੱਕਾ ਪਤਾ ਨਹੀਂ ਕਿ 7 ਵਜੇ ਵੀ ਬਿਜਲੀ ਆਵੇ ਜਾਂ ਨਾ ਆਵੇ।
ਲੋਕਾਂ ਦੀਆਂ ਟੈਂਕੀਆਂ 'ਚੋਂ ਪਾਣੀ ਹੋਇਆ ਖਤਮ
ਸਵੇਰ ਤੋਂ ਹੀ ਬਿਜਲੀ ਦੀ ਸਪਲਾਈ ਬੰਦ ਹੋਣ ਕਰ ਕੇ ਲੋਕਾਂ ਦੀਆਂ ਟੈਂਕੀਆਂ 'ਚੋਂ ਵੀ ਪਾਣੀ ਖਤਮ ਹੋ ਗਿਆ ਤੇ ਲੋਕ ਘਰਾਂ ਦੇ ਕੰਮ ਵੀ ਸਮੇਂ ਸਿਰ ਨਾਂ ਨਿਪਟਾ ਸਕੇ ਅਤੇ ਬਿਜਲੀ ਬਿਰਡ ਦੇ ਅਧਿਕਾਰੀਆਂ ਨੂੰ ਵੀ ਕੋਸਦੇ ਰਹੇ। ਇਥੋਂ ਤਕ ਪਿੰਡਾਂ ਵਿਚ ਲੱਗੀਆਂ ਟੈਂਕੀਆਂ ਵਿਚੋਂ ਵੀ ਪਾਣੀ ਮੁਕ ਜਾਣ ਕਰ ਕੇ ਲੋਕਾਂ ਨੂੰ ਦੂਰ ਦੁਰਾਡੇ ਨਲਕਿਆਂ ਦਾ ਸਹਾਰਾ ਲੈਣਾ ਪਿਆ।