ਹੈਰੋਇਨ ਦਾ ਨਸ਼ਾ ਕਰਨ ਲਈ ਪੈਸੇ ਨਹੀਂ ਸਨ ਤਾਂ ਸਪਲਾਇਰ ਬਣਿਆ, ਗ੍ਰਿਫਤਾਰ

07/02/2018 7:42:08 AM

ਜਲੰਧਰ, (ਵਰੁਣ)- ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਹੈਰੋਇਨ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨੌਜਵਾਨ ਦੀ ਪਛਾਣ ਰਾਜਬੀਰ ਸਿੰਘ ਉਰਫ ਨੰਨੂ ਪੁੱਤਰ ਹਰਜਿੰਦਰ ਸਿੰਘ ਵਾਸੀ ਦਸਮੇਸ਼ ਨਗਰ ਦੇ ਤੌਰ 'ਤੇ ਹੋਈ ਹੈ।  ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਰਾਜਵੀਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਘੁੱਲੇ ਦੀ ਚੱਕੀ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਰਾਜਵੀਰ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਸੀ ਪਰ ਅਕਸਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ। ਉਹ ਬਸਤੀਆਂ ਇਲਾਕੇ ਵਿਚ ਹੀ ਹੈਰੋਇਨ ਵੇਚਦਾ ਸੀ। ਪੁਲਸ ਨੂੰ ਐਤਵਾਰ ਸਵੇਰੇ ਹੀ ਸੂਚਨਾ ਮਿਲੀ ਸੀ ਕਿ ਰਾਜਵੀਰ ਘੁੱਲੇ ਦੀ ਚੱਕੀ ਕੋਲ ਹੈਰੋਇਨ ਵੇਚਣ ਲਈ ਖੜ੍ਹਾ ਹੈ। ਜਿੱਥੋਂ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਖਾਸ ਗੱਲ ਇਹ ਹੈ ਕਿ ਰਾਜਬੀਰ ਪਹਿਲਾਂ ਹੈਰੋਇਨ ਦਾ ਨਸ਼ਾ ਕਰਦਾ ਸੀ ਪਰ ਨਸ਼ੇ ਦਾ ਆਦੀ ਹੋਣ ਤੋਂ ਬਾਅਦ ਜਦੋਂ ਨਸ਼ੇ ਲਈ ਪੈਸੇ ਨਾ ਮਿਲੇ ਤਾਂ ਖੁਦ ਹੀ ਹੈਰੋਇਨ ਸਪਲਾਈ ਕਰਨ ਲੱਗਾ ਤੇ ਉਸ ਤੋਂ ਕਮਾਏ ਪੈਸਿਆਂ ਨਾਲ ਹੈਰੋਇਨ ਦਾ ਨਸ਼ਾ ਕਰ ਲੈਂਦਾ ਸੀ। ਇੰਸਪੈਕਟਰ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਜਵੀਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਵਿਅਕਤੀ ਕੋਲੋਂ ਹੈਰੋਇਨ ਖਰੀਦ ਕੇ ਵੇਚਦਾ ਸੀ। 
ਜੂਆ ਖੇਡਦੇ ਚਾਰ ਕਾਬੂ
ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਅਵਤਾਰ ਨਗਰ ਦੀ ਗਲੀ ਨੰਬਰ-13 ਵਿਚ ਜੂਆ ਖੇਡ ਰਹੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 4200 ਰੁਪਏ ਦੀ ਨਕਦੀ ਤੇ ਤਾਸ਼ ਦੀ ਡੱਬੀ ਬਰਾਮਦ ਕਰ ਕੇ ਚਾਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਭਾਰਗੋ ਕੈਂਪ ਦੇ ਇੰਚਾਰਜ ਬਰਜਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਅਵਤਾਰ ਨਗਰ ਵਿਚ ਰੇਡ ਕਰ ਕੇ ਗਲੀ ਵਿਚ ਜੂਆ ਖੇਡਦੇ ਰਮਨ, ਅਮਨ, ਸੰਨੀ ਤੇ ਮੁਹੰਮਦ ਅਲਤਾਫ ਸਾਰੇ ਵਾਸੀ ਅਵਤਾਰ ਨਗਰ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ।