ਪੀ. ਐੱਸ. ਈ. ਬੀ. ਨੇ  ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਨਾ ਲਾਉਣ ਦਾ ਦਿੱਤਾ ਸੁਝਾਅ

12/08/2017 4:03:08 PM


ਗਿੱਦੜਬਾਹਾ (ਸੰਧਿਆ) - ਪੰਜਾਬ ਸਕੂਲ ਸਿੱਖਿਆ ਬੋਰਡ ਅਗਲੇ ਸੈਸ਼ਨਿਕ ਪੱਧਰ ਤੋਂ ਉਨ੍ਹਾਂ ਸਕੂਲਾਂ 'ਤੇ ਸਖਤੀ ਕਰਨ ਦੇ ਮੂਡ ਵਿਚ ਹੈ ਜੋ ਵਿਦਿਆਰਥੀਆਂ ਨੂੰ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਕਿਤਾਬਾਂ ਪੜ੍ਹਾ ਰਹੇ ਹਨ। ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਨੂੰ ਬੋਰਡ ਨੇ ਪੱਤਰ ਜਾਰੀ ਕਰ ਕੇ ਸੁਝਾਅ ਦਿੱਤਾ ਹੈ ਕਿ ਸੀਨੀਅਰ ਸੈਕੰਡਰੀ ਕਲਾਸਾਂ ਲਈ ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਤਿਆਰ ਕਰਵਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਨਾ ਲਾਈਆਂ ਜਾਣ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਬੋਰਡ ਤਿਆਰ ਨਹੀਂ ਕਰੇਗਾ, ਉਹ ਕਿਤਾਬਾਂ ਵਿਦਿਆਰਥੀਆਂ ਨੂੰ ਮਾਰਕੀਟ ਤੋਂ ਖਰੀਦਣ ਦੀ ਛੋਟ ਹੋਵੇਗੀ। 
ਇਸ ਸਬੰਧੀ ਨਿੱਜੀ ਸਕੂਲਾਂ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਹਰ ਸਾਲ ਸਕੂਲਾਂ ਵੱਲੋਂ ਬੋਰਡ ਤੋਂ ਕਿਤਾਬਾਂ ਮੰਗਵਾਈਆਂ ਜਾਂਦੀਆਂ ਹਨ ਪਰ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਤੱਕ ਵੀ ਬੋਰਡ ਵੱਲੋਂ ਸਕੂਲਾਂ ਨੂੰ ਕਿਤਾਬਾਂ ਮੁਹੱਈਆ ਨਾ ਹੋਣ ਕਾਰਨ ਵਿਦਿਆਰਥੀਆਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਦੇਖਦਿਆਂ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਖਰੀਦਣ ਨੂੰ ਪਹਿਲ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਹਿਣਾ ਹੈ ਕਿ ਇਸ ਵਾਰ ਬੋਰਡ ਵੱਲੋਂ ਅਕੈਡਮਿਕ ਸਾਲ 2018-19 ਤੋਂ ਸੀਨੀਅਰ ਸੈਕੰਡਰੀ ਕਲਾਸਾਂ ਦੀਆਂ ਪਾਠ ਪੁਸਤਕਾਂ ਆਪਣੇ ਪੱਧਰ 'ਤੇ ਤਿਆਰ ਕਰਵਾਈਆਂ ਜਾ ਰਹੀਆਂ ਹਨ। 
ਭਾਵੇਂ ਕਿ ਪੀ. ਐੱਸ. ਈ. ਬੀ. ਅਗਲੇ ਵਿਦਿਅਕ ਸੈਸ਼ਨ ਤੋਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਤਿਆਰ ਕਰਵਾਈਆਂ ਕਿਤਾਬਾਂ ਮੁਹੱਈਆ ਕਰਵਾਉਣਾ ਚਾਹੁੰਦਾ ਹੈ ਪਰ ਹਾਲ ਦੇ ਸਮੇਂ ਜਦਕਿ ਸੈਸ਼ਨਿਕ ਸੈਸ਼ਨ ਖਤਮ ਹੋਣ ਵਿਚ ਥੋੜ੍ਹਾ ਸਮਾਂ ਹੀ ਬਾਕੀ ਹੈ ਤਾਂ ਵੀ ਸਰਕਾਰੀ ਸਕੂਲਾਂ ਦੇ 10ਵੀਂ ਕਲਾਸ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਹਾਲੇ ਤੱਕ ਪ੍ਰਮੁੱਖ ਵਿਸ਼ਿਆਂ ਦੀਆਂ ਕਿਤਾਬਾਂ ਬੋਰਡ ਵੱਲੋਂ ਨਹੀਂ ਪਹੁੰਚਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।