ਫਿਜ਼ੀਓਥਰੈਪੀ ਵਿਭਾਗ ਦੇ ਵਿਦਿਆਰਥੀਆਂ ਨੇ ਡੀਨ ਤੋਂ ਪੁੱਛਿਆ, ਕਿਉਂ ਹੈ ਉਨ੍ਹਾਂ ਦੇ ਕੋਰਸ ਦੀ ਫੀਸ ਜ਼ਿਆਦਾ?

07/14/2017 5:57:51 AM

ਪਟਿਆਲਾ (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਵਿਚ ਪ੍ਰੇਸ਼ਾਨੀਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਸੇ ਕੜੀ ਵਿਚ ਫਿਜ਼ੀਓਥਰੈਪੀ ਵਿਭਾਗ ਦੇ ਵਿਦਿਆਰਥੀ ਡੀਨ ਅਕਾਦਮਿਕ ਡਾ. ਇੰਦਰਜੀਤ ਸਿੰਘ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਹਨ। ਇਸ ਵਿਚ ਵਿਦਿਆਰਥੀਆਂ ਨੂੰ ਵੱਡੀ ਸਮੱਸਿਆ ਕੋਰਸ ਦੀ ਸਭ ਤੋਂ ਵੱਧ ਫੀਸ ਅਤੇ ਫੈਕਲਟੀ ਦਾ ਨਾ ਹੋਣਾ ਹੈ। ਵਿਦਿਆਰਥੀਆਂ ਨੇ ਡੀਨ ਨੂੰ ਮੈਮੋਰੰਡਮ ਸੌਂਪ ਕੇ ਪੁੱਛਿਆ ਹੈ ਕਿ ਉਨ੍ਹਾਂ ਦੇ ਕੋਰਸ ਦੀ ਫੀਸ ਬਾਕੀ ਅਦਾਰਿਆਂ ਤੋਂ ਜ਼ਿਆਦਾ ਕਿਉਂ ਹੈ? ਵਿਦਿਆਰਥੀਆਂ ਨੇ ਫੀਸ ਘੱਟ ਕਰਨ ਦੀ ਮੰਗ ਵੀ ਕੀਤੀ ਹੈ। ਡਾ. ਸਿੰਘ ਨੇ ਇਸ ਮਾਮਲੇ ਦਾ ਜਲਦੀ ਹੀ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।
ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵਰਕ ਲਈ ਰਜਿੰਦਰਾ ਹਸਪਤਾਲ ਵੀ ਨਹੀਂ ਲੈ ਕੇ ਗਏ। ਅਜਿਹੇ ਵਿਚ ਪ੍ਰੇਸ਼ਾਨ ਵਿਭਾਗੀ ਵਿਦਿਆਰਥੀਆਂ ਨੇ ਡੀਨ ਅਕਾਦਮਿਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਣ ਲਈ ਅਪੀਲ ਵੀ ਕੀਤੀ। ਵਿਦਿਆਰਥੀਆਂ ਵੱਲੋਂ ਡੀਨ ਨੂੰ ਸੌਂਪੇ ਗਏ ਪੱਤਰ ਵਿਚ ਲਿਖਿਆ ਹੈ ਕਿ ਬਾਕੀ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਸਭ ਦੀ ਫੀਸ ਘੱਟ ਹੈ। ਯੂਨੀਵਰਸਿਟੀ ਜੋ ਕਿ ਇਕ ਸਰਕਾਰੀ ਅਦਾਰਾ ਹੈ, ਇਥੇ ਫੀਸ ਸਭ ਤੋਂ ਜ਼ਿਆਦਾ ਲਈ ਜਾ ਰਹੀ ਹੈ।
ਅਨੈਟਮੀ ਵਿਸ਼ੇ ਦਾ ਕੋਈ ਰੈਗੂਲਰ ਅਧਿਆਪਕ ਹੀ ਨਹੀਂ
ਵਿਦਿਆਰਥੀਆਂ ਨੇ ਦੱਸਿਆ ਕਿ ਸੈਸ਼ਨ 2016-17 ਲਈ ਪਹਿਲੇ ਸਾਲ ਵਿਚ ਅਨੈਟਮੀ ਵਿਸ਼ੇ ਦਾ ਕੋਈ ਰੈਗੂਲਰ ਅਧਿਆਪਕ ਹੀ ਨਹੀਂ ਹੈ। ਇਸ ਲਈ ਸ਼ਨੀਵਾਰ ਤੇ ਐਤਵਾਰ ਨੂੰ ਕਲਾਸਾਂ ਲਾਈਆਂ ਜਾਂਦੀਆਂ ਸਨ। ਇਸੇ ਕਾਰਨ ਹੋਸਟਲਰ ਆਪਣੇ ਘਰ ਨਹੀਂ ਜਾ ਸਕਦੇ। ਇਥੋਂ ਤੱਕ ਕਿ ਸੈਲਫ ਸਟੱਡੀਜ਼ ਲਈ ਉਨ੍ਹਾਂ ਕੋਲ ਪੂਰਾ ਸਮਾਂ ਹੀ ਨਹੀਂ ਸੀ। ਅਨੈਟਮੀ ਡਿਸੈਕਸ਼ਨ ਲਈ ਵਿਦਿਆਰਥੀਆਂ ਨੂੰ ਰਜਿੰਦਰਾ ਹਸਪਤਾਲ ਵੀ ਨਹੀਂ ਲਿਜਾਇਆ ਗਿਆ। ਇੰਨੀ ਜ਼ਿਆਦਾ ਫੀਸ ਦੇ ਤੋਂ ਬਾਅਦ ਵੀ ਸਹੂਲਤਾਂ ਦੇ ਨਾਂ 'ਤੇ ਫਿਜ਼ੀਓਥਰੈਪੀ ਵਿਭਾਗ ਵਿਦਿਆਰਥੀਆਂ ਨੂੰ ਕੁੱਝ ਨਹੀਂ ਦੇ ਰਿਹਾ।
ਫਿਜ਼ੀਓਥਰੈਪੀ ਵਿਸ਼ੇ ਦੀ ਫੀਸ ਕਿੱਥੇ ਕਿੰਨੀ
ਪੰਜਾਬੀ ਯੂਨੀਵਰਸਿਟੀ : 71354
ਸ੍ਰੀ ਗੁਰੂ ਗੰ੍ਰਥ ਸਾਹਿਬ ਯੂਨੀਵਰਸਿਟੀ : 56000
ਬਾਬਾ ਫਰੀਦ ਯੂਨੀਵਰਸਿਟੀ : 53000
ਗੁਰੂ ਨਾਨਕ ਦੇਵ ਯੂਨੀਵਰਸਿਟੀ : 60000
ਖਾਲਸਾ ਕਾਲਜ : 52000
ਆਦੇਸ਼ ਯੂਨੀਵਰਸਿਟੀ : 35000
ਮੌਲਾਨਾ ਯੂਨੀਵਰਸਿਟੀ : 55000
ਏ. ਪੀ. ਜੇ. ਕਾਲਜ : 54000