ਸਹੁਰਿਆਂ ਤੋਂ ਦੁਖੀ ਜਵਾਈ ਨੇ ਕੀਤੀ ਖੁਦਕੁਸ਼ੀ

11/11/2017 2:24:31 AM

ਪੱਟੀ, (ਸੌਰਭ,ਪਾਠਕ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਬੀਤੀ ਰਾਤ ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
  ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਗੁਰਭੇਜ ਸਿੰਘ ਉਰਫ ਭੇਜਾ (24) ਦੇ ਪਿਤਾ ਨਿਰਮਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਭਰਾ ਨੇ ਦੱਸਿਆ ਕੇ ਮੇਰੇ ਲੜਕੇ ਦਾ ਵਿਆਹ (ਲਵ ਮੈਰਿਜ) ਕਰੀਬ ਅੱਠ ਮਹੀਨੇ ਪਹਿਲਾਂ ਮਨਪ੍ਰੀਤ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਕਾਲੇਕੇ ਥਾਣਾ ਭਿੱਖੀਵਿੰਡ ਨਾਲ ਹੋਇਆ ਸੀ, ਜੋ ਕਿ ਤਰਨਤਾਰਨ ਵਿਖੇ ਪ੍ਰਾਈਵੇਟ ਹਸਪਤਾਲ 'ਚ ਫਾਰਮਾਸਿਸਟ ਦਾ ਕੰਮ ਕਰਦੀ ਹੈ ਅਤੇ ਦੋਵਾਂ ਦੀ ਆਪਸ 'ਚ ਨਾ ਬਣਨ ਕਰ ਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਅਕਸਰ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ, ਜਿਸ ਤੋਂ ਦੁਖੀ ਹੋ ਕੇ ਬੀਤੀ ਰਾਤ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਇਲਾਜ ਲਈ ਤਰਨਤਾਰਨ ਵਿਖੇ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਗਈ ਹੈ।
ਪੁਲਸ ਨੇ ਨਿਰਮਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਭਰਾ ਦੇ ਬਿਆਨਾਂ 'ਤੇ ਮ੍ਰਿਤਕ ਗੁਰਭੇਜ ਸਿੰਘ ਦੇ ਸਹੁਰਾ ਹਰਪਾਲ ਸਿੰਘ, ਸੱਸ ਗੁਰਮੀਤ ਕੌਰ, ਸਾਲਾ ਗੁਰਜੰਟ ਸਿੰਘ, ਸੋਨੂੰ, ਚਾਚਾ ਸਹੁਰਾ ਸੁੱਚਾ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਵਿਰੁੱਧ ਮੁਕੱਦਮਾ ਨੰਬਰ 186 ਧਾਰਾ 306 ਤਹਿਤ ਪਰਚਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।