ਜੰਗਲਾਤ ਪਾਰਕ ਦੀ ਉਸਾਰੀ ਦੇ ਵਿਰੋਧ ''ਚ ਕੈਬਨਿਟ ਮੰਤਰੀ ਵਿਰੁੱਧ ਨਾਅਰੇਬਾਜ਼ੀ

01/09/2018 6:52:46 AM

ਨਾਭਾ, (ਜੈਨ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਮਾਲੇਰਕੋਟਲਾ ਰੋਡ 'ਤੇ ਚੁੰਗੀ ਲਾਗੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਪਿਛਲੇ 3 ਮਹੀਨਿਆਂ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਜੰਗਲਾਤ ਪਾਰਕ (ਆਧੁਨਿਕ ਸਹੂਲਤਾਂ ਸਮੇਤ) ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਜ਼ਬਰਦਸਤ ਵਿਰੋਧ ਕਰਦਿਆਂ ਪਾਰਕ ਵਿਚ ਚੱਲ ਰਹੇ ਕੰਮ ਨੂੰ ਰੋਕਿਆ ਅਤੇ ਸਰਕਾਰ ਤੇ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕੀਤੀ। 
ਯੂਨੀਅਨ ਦੇ ਸੂਬਾ ਜਨਰਲ ਸੈਕਟਰੀ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਸਰਕਾਰ ਸਰਕਾਰੀ ਰਾਸ਼ੀ ਦੀ ਕਥਿਤ ਦੁਰਵਰਤੋਂ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ 'ਤੇ ਕਬਜ਼ੇ ਕਰ ਰਿਹਾ ਹੈ। ਕੌਂਸਲ ਦੇ ਪਾਰਕਾਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ। 
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਅਜੀਤ ਸਿੰਘ ਨੇ ਦੱਸਿਆ ਕਿ ਅਸੀਂ ਜੰਗਲਾਤ ਵਿਭਾਗ ਨੂੰ ਆਪਣੀ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿਆਂਗੇ ਕਿਉਂਕਿ ਸਾਡੀਆਂ ਬੁਰਜੀਆਂ ਲੱਗੀਆਂ ਹੋਈਆਂ ਹਨ। ਜੰਗਲਾਤ ਵਿਭਾਗ ਕਥਿਤ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਮਜ਼ੇ ਦੀ ਗੱਲ ਹੈ ਕਿ ਯੂਨੀਅਨ ਵੱਲੋਂ ਕੀਤੀ ਨਾਅਰੇਬਾਜ਼ੀ ਤੋਂ ਘਬਰਾ ਕੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਭੱਜ ਗਏ।