ਦਿਹਾਤੀ ਪੁਲਸ ਨੇ ਜਾਰੀ ਕੀਤੇ ਲੁਟੇਰਿਆਂ ਦੇ ਸਕੈੱਚ

06/30/2017 2:56:37 AM

ਅੰਮ੍ਰਿਤਸਰ,   (ਸੰਜੀਵ)- ਲੁਟੇਰਿਆਂ ਦੀ ਗੋਲੀ ਨਾਲ ਮਾਰੇ ਗਏ ਰਿਸ਼ਭ ਆਟੋ ਦੇ ਜੀ. ਐੱਮ. ਇੰਦਰ ਸ਼ਰਮਾ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵਾਰਦਾਤ ਦੇ ਸਮੇਂ ਕੈਸ਼ ਬਚਾਉਣ ਲਈ ਇੰਦਰ ਸ਼ਰਮਾ ਲੁਟੇਰਿਆਂ ਦੇ ਨਾਲ ਤਾਂ ਭਿੜ ਗਿਆ ਸੀ ਪਰ ਲੁਟੇਰੇ ਉਸ ਨੂੰ ਗੋਲੀ ਮਾਰ 13 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਹੋਏ ਇੰਦਰ ਸ਼ਰਮਾ ਨੇ ਗੰਭੀਰ ਹਾਲਤ ਵਿਚ ਵਾਰਦਾਤ ਦੀ ਜਾਣਕਾਰੀ ਪਹਿਲਾਂ ਆਪਣੇ ਮਾਲਕ ਨੂੰ ਦਿੱਤੀ ਅਤੇ ਫਿਰ ਕੁਝ ਪਛਾਣ ਵਾਲਿਆਂ ਨੂੰ। ਬਦਕਿਸਮਤੀ ਇਹ ਰਹੀ ਕਿ ਕਰੀਬ 25 ਮਿੰਟ ਤੱਕ ਇੰਦਰ ਸ਼ਰਮਾ ਗੰਭੀਰ ਹਾਲਤ ਵਿਚ ਕਾਰ ਵਿਚ ਹੀ ਬੈਠਾ ਰਿਹਾ ਅਤੇ ਕਿਸੇ ਨੇ ਵੀ ਉਸ ਨੂੰ ਬਚਾਉਣ ਲਈ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਨਹੀਂ ਕੀਤੀ।  ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਜ਼ਖ਼ਮੀ ਇੰਦਰ ਸ਼ਰਮਾ ਦੀ ਵੀਡੀਓ ਬਣਾ ਕੇ ਲੋਕ ਸੋਸ਼ਲ ਮੀਡੀਆ 'ਤੇ ਤਾਂ ਪਾਉਂਦੇ ਰਹੇ ਪਰ ਉਸ ਨੂੰ ਬਚਾਉਣ ਲਈ ਅੱਗੇ ਵਧ ਕੇ ਡਾਕਟਰੀ ਸਹਾਇਤਾ ਦਿਵਾਉਣ ਦੀ ਹਿੰਮਤ ਨਹੀਂ ਜੁਟਾਈ। ਇਸ ਦੇ ਉਲਟ ਜੇਕਰ ਇਕ ਨੇ ਵੀ ਵਾਰਦਾਤ ਦੇ ਤੁਰੰਤ ਬਾਅਦ ਮੈਡੀਕਲ ਸਹਾਇਤਾ ਦਿਵਾ ਦਿੱਤੀ ਹੁੰਦੀ ਤਾਂ ਹੋ ਸਕਦਾ ਹੈ ਇੰਦਰ ਸ਼ਰਮਾ ਦੀ ਜਾਨ ਬਚ ਜਾਂਦੀ। ਦਿਹਾਤੀ ਪੁਲਸ ਵੱਲੋਂ ਅੱਜ ਇੰਦਰ ਸ਼ਰਮਾ ਦਾ ਕਤਲ ਕਰਨ ਵਾਲੇ ਲੁਟੇਰਿਆਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਪੁਲਸ ਵਾਰਦਾਤ ਤੋਂ ਕੁੱਝ ਦੂਰੀ 'ਤੇ ਸਥਿਤ ਬੈਂਕ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਉਥੇ ਹੀ ਚਸ਼ਮਦੀਦਾਂ ਦੀ ਸਹਾਇਤਾ ਨਾਲ ਸਕੈੱਚ ਬਣਵਾਏ ਗਏ ਹਨ। ਵਾਰਦਾਤ ਤੋਂ ਬਾਅਦ ਲੁਟੇਰੇ ਕਾਰ ਲੈ ਕੇ ਕਿੱਥੇ ਗਾਇਬ ਹੋ ਗਏ ਅਜੇ ਪੁਲਸ ਇਸ ਦਾ ਕੋਈ ਵੀ ਸੁਰਾਗ ਨਹੀਂ ਕੱਢ ਸਕੀ ਹੈ। ਐੱਸ.ਐੱਸ.ਪੀ. ਦਿਹਾਤੀ ਪਰਮਪਾਲ ਸਿੰਘ ਇਸ ਪੂਰੇ ਮਾਮਲੇ ਦੀ ਨਿੱਜੀ ਤੌਰ 'ਤੇ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ 'ਚ ਹਨ। ਮੌਕਾ ਵਾਰਦਾਤ ਤੋਂ ਮਿਲੇ ਕੁੱਝ ਸੁਰਾਗਾਂ ਨੂੰ ਵੇਖ ਕੇ ਦਿਹਾਤੀ ਪੁਲਸ ਵੱਲੋਂ ਜ਼ਿਲਾ ਤਰਨਤਾਰਨ, ਬਟਾਲਾ ਅਤੇ ਗੁਰਦਾਸਪੁਰ ਦੀ ਪੁਲਸ ਨੂੰ ਵੀ ਅਲਰਟ ਕੀਤਾ ਗਿਆ ਹੈ।