ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀਆਂ ਦੇ ਸਕੈੱਚ ਜਾਰੀ

06/26/2017 7:43:34 AM

ਪਟਿਆਲਾ  (ਬਲਜਿੰਦਰ) - ਲਗਭਗ 2 ਹਫਤੇ ਪਹਿਲਾਂ ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਦੀ ਮਿੰਨੀ ਮਾਰਕੀਟ ਵਿਚੋਂ ਰਾਤ ਸਮੇਂ ਕੁੱਝ ਲੁਟੇਰਿਆਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼ ਦੇ ਸ਼ੱਕੀ ਵਿਅਕਤੀਆਂ ਦੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸਕੈੱਚ ਜਾਰੀ ਕੀਤੇ ਹਨ।  ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ 'ਤੇ ਜੋ ਕੁੱਝ ਸਾਹਮਣੇ ਆਇਆ, ਉਸ ਵਿਚ 2 ਵਿਅਕਤੀਆਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇਕ ਸਰਦਾਰ ਅਤੇ ਇਕ ਮੋਨਾ ਹੈ। ਆਸਪਾਸ ਦੇ ਲੋਕਾਂ ਦੀ ਪੁੱਛਗਿੱਛ ਤੋਂ ਲੈ ਕੇ ਹੁਣ ਤੱਕ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਕੈੱਚ ਮਾਹਰਾਂ ਤੋਂ ਇਹ ਸਕੈੱਚ ਬਣਵਾ ਕੇ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸ਼ੱਕੀ ਵਿਅਕਤੀਆਂ ਬਾਰੇ ਜਿੱਥੇ ਕਿਤੇ ਵੀ ਕੋਈ ਜਾਣਕਾਰੀ ਮਿਲੇ, ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਲਗਭਗ 2 ਹਫਤੇ ਪਹਿਲਾਂ ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਦੀ ਮਿੰਨੀ ਮਾਰਕੀਟ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ਨੂੰ ਤੋੜਨ ਦੀ ਕੁੱਝ ਵਿਅਕਤੀਆਂ ਨੇ ਕੋਸ਼ਿਸ਼ ਕੀਤੀ। ਜਦੋਂ ਇਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਲੁਟੇਰੇ ਭੱਜ ਗਏ। ਜਾਂਦੇ ਸਮੇਂ ਆਪਣੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਮੁਢਲੀ ਜਾਂਚ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। 2 ਵਿਅਕਤੀਆਂ ਦੇ ਅੱਜ ਸਕੈੱਚ ਜਾਰੀ ਕੀਤੇ ਗਏ ਹਨ।