ਭੈਣ ਦਾ ਵਿਆਹ ਕਰਕੇ ਮੁੜ ਲਿਬਲਾਨ ਗਿਆ ਸੀ ਕੰਮ ਕਰਨ ਨਹੀਂ ਪਤਾ ਸੀ ਇੰਝ ਆਵੇਗਾ ਵਾਪਸ

07/20/2017 5:28:36 PM

ਬਲਾਚੌਰ - ਵਾਰਡ ਨੰਬਰ 1 ਸਿਆਣਾ ਵਾਸੀ ਜਗਨ ਨਾਥ ਦੇ ਪੁੱਤਰ ਬਲਵਿੰਦਰ (40) ਦੀ ਕਲਬੂਤ 'ਚ ਰੱਖੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਘਰ ਪੁੱਜੀ ਤਾਂ ਸਾਰੇ ਪਿੰਡ ਦਾ ਮਾਹੌਲ ਗਮਗੀਣ ਹੋ ਗਿਆ ਤੇ ਘਰ 'ਚ ਚੀਖ ਚਿਹਾੜਾ ਮਚ ਗਿਆ। ਮਾਤਾ ਕ੍ਰਿਸ਼ਨਾ ਭੁੱਬਾਂ ਮਾਰਕੇ ਰੋ ਰਹੀ ਸੀ ਤੇ ਘਰ ਦੇ ਹਰ ਜੀਅ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਬਲਵਿੰਦਰ ਪਿੱਛਲੇ 14 ਵਰ੍ਹਿਆਂ ਤੋਂ ਲਿਬਨਾਨ ਵਿਖੇ ਕਿਸੇ ਅਰਬੀ ਕੰਪਨੀ 'ਚ ਕੰਮ ਕਰ ਰਿਹਾ ਸੀ ਤੇ 4 ਜੁਲਾਈ 2017 ਨੂੰ ਉਸ ਨੂੰ ਬ੍ਰੇਨ ਹੈਮਰੇਜ਼ ਹੋਣ ਪਿੱਛੋਂ ਉੱਥੋਂ ਦੇ ਕਿਸੇ ਹਸਪਤਾਲ 'ਚ ਦਾਖਲ ਸੀ, ਤੇ ਇਲਾਜ ਦੌਰਾਨ ਉਸਦੇ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਐਮੀਰਾਤ ਕਾਰਗੋ ਏਅਰ ਲਾਈਨ ਰਾਹੀਂ ਮ੍ਰਿਤਕ ਦੇਹ ਨੂੰ ਉਸ ਦੇ ਪਿਤਾ ਜਗਨ ਨਾਥ (ਸੇਵਾ ਮੁਕਤ ਬਿਜਲੀ ਬੋਰਡ ਕਰਮੀ) ਦਿੱਲੀ ਏਅਰਪੋਰਟ ਤੋਂ ਲੈਣ ਲਈ ਬੁੱਧਵਾਰ ਰਵਾਨਾ ਹੋ ਗਏ ਸਨ ਤੇ ਵੀਰਵਾਰ ਤੜਕਸਾਰ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਸਿਆਣਾ ਵਿਖੇ ਲਿਆਂਦੀ ਗਈ। ਵੀਰਵਾਰ ਬਲਵਿੰਦਰ ਦੀ ਦੇਹ ਨੂੰ ਅਗਨੀ ਭੇਂਟ ਕੀਤੀ ਗਈ। ਮ੍ਰਿਤਕ 14 ਫਰਵਰੀ 2016 ਨੂੰ ਆਪਣੀ ਭੈਣ ਦਾ ਵਿਆਹ ਕਰਕੇ ਲਿਬਨਾਨ ਮੁੜ ਕੰਮ ਤੇ ਗਿਆ ਸੀ। ਮ੍ਰਿਤਕ ਬਲਵਿੰਦਰ ਨੇ ਆਖਰੀ ਵਾਰ 4 ਜੁਲਾਈ ਨੂੰ ਆਪਣੇ ਭਰਾ ਕਾਕੇ ਨਾਲ ਫੋਨ ਤੇ ਗੱਲ ਆਖਰੀ ਵਾਰ ਕੀਤੀ ਸੀ।
ਅੱਜ ਬਲਵਿੰਦਰ ਦੀ ਅੰਤਿਮ ਯਾਤਰਾ 'ਚ ਸੈਂਕੜੇ ਵਿਅਕਤੀ ਸ਼ਾਮਲ ਹੋਏ। ਦੁਖੀ ਪਰਿਵਾਰ ਨਾਲ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚੌਧਰੀ ਮਦਨ ਲਾਲ ਸਿਆਣਾ ਐੱਮ.ਸੀ, ਲਾਲ ਬਹਾਦਰ ਗਾਂਧੀ ਐੱਮ.ਸੀ, ਕਾਮਰੇਡ ਪਰਮਿੰਦਰ ਮੇਨਕਾ ਤੇ ਸ਼ਹੀਦ ਊਧਮ ਸਿੰਘ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।