ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ ਤੇ ਕਈ ਹੋਰ ਨਾਂਵਾਂ ਨਾਲ ਕੀਤਾ ਜਾ ਰਿਹੈ ਬਦਨਾਮ : ਮਾਨ

01/15/2018 3:54:01 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਡੇਰਾ ਭਾਈ ਮਸਤਾਨ ਸਿੰਘ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹੁਕਮਰਾਨਾਂ ਅਤੇ ਹੋਰ ਲੋਕਾਂ ਵੱਲੋਂ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ ਅਤੇ ਸ਼ਰਾਰਤੀ ਅਨਸਰ ਆਦਿ ਨਾਂ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਝੂਠੇ ਪੁਲਸ ਮੁਕਾਬਲਿਆਂ 'ਚ ਮਾਰਿਆ ਗਿਆ ਅਤੇ ਅਜੇ ਵੀ ਮਾਰਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਪਾਣੀਆਂ, ਹੈੱਡ ਵਰਕਸਾਂ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਬੋਲੀ, ਕਿਸਾਨਾਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਅਤੇ ਬੇਰੋਜ਼ਗਾਰੀ ਦੇ ਮਸਲੇ ਅੱਜ ਤੱਕ ਹੱਲ ਨਹੀਂ ਹੋਏ।  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬੇਅਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਜਦਕਿ ਪੰਜਾਬ 'ਚ 95 ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪਾਰਲੀਮੈਂਟ ਐੱਸ. ਜੀ. ਪੀ. ਸੀ. ਦੀਆਂ ਤੁਰੰਤ ਜਨਰਲ ਚੋਣਾਂ ਕਰਵਾਈਆਂ ਜਾਣ ਕਿਉਂਕਿ ਸਰਕਾਰ ਜਨਰਲ ਚੋਣਾਂ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਤੋਂ ਜਾਣ-ਬੁੱਝ ਕੇ ਭੱਜ ਰਹੀ ਹੈ। ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਫੜੇ। ਖੁਦਕੁਸ਼ੀਆਂ ਦੇ ਰੁਝਾਨ ਨੂੰ ਰੋਕੇ। ਫ਼ਸਲਾਂ ਦਾ ਪੂਰਾ ਭਾਅ ਦੇਵੇ। ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਤੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਜਾਵੇ। ਪਿਛਲੇ 20 ਸਾਲਾਂ ਤੋਂ ਜੇਲਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਬਿਨਾਂ ਸ਼ਰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਘੱਟ ਗਿਣਤੀ ਕੌਮ ਨਾਲ ਵਿਤਕਰਾ ਬੰਦ ਕੀਤਾ ਜਾਵੇ ਅਤੇ ਜਿੱਥੇ ਵੀ ਕਿਤੇ ਘੱਟ ਗਿਣਤੀ ਕੌਮ, ਦਲਿਤਾਂ, ਰੰਗਰੇਟਿਆਂ ਆਦਿ ਨਾਲ ਵਿਤਕਰਾ ਜਾਂ ਜਬਰ-ਜ਼ੁਲਮ ਹੋਇਆ ਤਾਂ ਅਸੀਂ ਉਸ ਦਾ ਭਾਰੀ ਵਿਰੋਧ ਕਰਾਂਗੇ। ਕਾਨਫਰੰਸ ਦੌਰਾਨ ਕੌਮੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੂਬੇ 'ਚ ਨਸ਼ਿਆਂ ਅਤੇ ਬੇਰੋਜ਼ਗਾਰੀ ਦਾ ਮਾਮਲਾ ਉਠਾਇਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਨਸ਼ੇ ਬੰਦ ਕਰਨ ਦੀ ਗੱਲ ਕਰਦੀ ਸੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਹੋਇਆ ਕੁਝ ਨਹੀਂ। ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।