ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਚੋਣ ''ਚ 6 ਬਾਗੀਆਂ ਨੂੰ ਪਾਰਟੀ ''ਚੋਂ ਕੱਢਿਆ

02/17/2018 8:13:43 AM

ਲੁਧਿਆਣਾ  (ਮੁੱਲਾਂਪੁਰੀ, ਪਾਲੀ) - ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਦੀਆਂ ਪੰਜ ਵਾਰਡਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਬਾਗੀ ਹੋ ਕੇ ਖੜ੍ਹਨ ਵਾਲੇ ਅਕਾਲੀ ਆਗੂਆਂ ਨੂੰ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰ. 72 ਵਿਚੋਂ ਪਹਿਲਾਂ ਹਰਪ੍ਰੀਤ ਸਿੰਘ ਬੇਦੀ ਨੂੰ ਚੋਣ ਨਿਸ਼ਾਨ ਦਿੱਤਾ ਸੀ ਪਰ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਦੇਖਦਿਆਂ ਹੁਣ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਕੇ ਉਨ੍ਹਾਂ ਦੀ ਜਗ੍ਹਾ ਰਵਿੰਦਰ ਕੌਸ਼ਿਕ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਉਨ੍ਹਾਂ ਨੂੰ ਪਾਰਟੀ ਨੇ ਮਾਨਤਾ ਦਿੱਤੀ ਹੈ।
ਇਸੇ ਤਰ੍ਹਾਂ ਵਾਰਡ ਨੰ. 73 ਤੋਂ ਸਾਬਕਾ ਕੌਂਸਲਰ ਵੀਰਾਂ ਬੇਦੀ ਨੂੰ ਪਾਰਟੀ ਉਮੀਦਵਾਰ ਖਿਲਾਫ ਖੜ੍ਹੇ ਹੋਣ 'ਤੇ ਉਨ੍ਹਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 74 ਵਿਚੋਂ ਗੁਰਦੀਪ ਸਿੰਘ ਲੀਲ੍ਹ ਨੂੰ ਪਾਰਟੀ ਉਮੀਦਵਾਰ ਬੀਬੀ ਸ਼ਿਵਾਲਿਕ ਖਿਲਾਫ ਚੋਣ ਲੜਨ ਕਾਰਨ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰ. 44 ਵਿਚੋਂ ਹਰਪਾਲ ਸਿੰਘ ਕੋਹਲੀ ਨੂੰ ਵੀ ਆਜ਼ਾਦ ਚੋਣ ਲੜਨ ਕਾਰਨ ਪਾਰਟੀ ਵਿਚੋਂ ਕੱਢਿਆ ਗਿਆ ਹੈ, ਜਦਕਿ ਵਾਰਡ ਨੰ. 41 'ਚੋਂ ਕੁਲਵਿੰਦਰ ਕੌਰ ਗੋਗਾ ਸਾਬਕਾ ਕੌਂਸਲਰ ਅਤੇ ਉਸ ਦੇ ਪਤੀ ਹਰਪ੍ਰੀਤ ਬੇਦੀ ਨੂੰ ਆਜ਼ਾਦ ਚੋਣ ਲੜਨ ਕਾਰਨ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।