ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਹੋਣ ਲੱਗੀ ਗੰਭੀਰ

Wednesday, Jul 26, 2017 - 04:41 AM (IST)

ਅੰਮ੍ਰਿਤਸਰ,  (ਸੰਜੀਵ)-  ਸ਼ਹਿਰ 'ਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਵੇਖਦਿਆਂ ਬੈਂਕਾਂ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਲਈ ਜ਼ਿਲਾ ਪੁਲਸ ਪੂਰੀ ਤਰ੍ਹਾਂ ਗੰਭੀਰ ਹੋ ਰਹੀ ਹੈ। ਅੱਜ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਬੈਂਕ ਅਧਿਕਾਰੀਆਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ, ਜਿਸ ਵਿਚ 33ਵੀਂ ਸਟੇਟ ਲੈਵਲ ਸੁਰੱਖਿਆ ਕਮੇਟੀ ਪੰਜਾਬ ਸਟੇਟ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਬੈਂਕਾਂ ਦੀ ਸੁਰੱਖਿਆ ਸਬੰਧੀ ਕੀਤੀ ਗਈ ਮਿੰਟ ਆਫ ਮੀਟਿੰਗ ਵਿਚ ਦੱਸੇ ਗਏ ਸੁਝਾਵਾਂ ਅਤੇ ਪਿਛਲੇ ਸਮੇਂ 'ਚ ਹੋਈਆਂ ਵਾਰਦਾਤਾਂ ਨੂੰ ਧਿਆਨ ਵਿਚ ਰੱਖਿਆ ਗਿਆ।
ਪੁਲਸ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਬੈਂਕ ਅਤੇ ਉਸ ਦੇ ਬਾਹਰ ਲਾਏ ਜਾਣ ਵਾਲੇ ਸੀ. ਸੀ. ਟੀ. ਵੀ. ਕੈਮਰੇ ਹਾਈਟੈੱਕ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦਿਸ਼ਾ ਵੀ ਇਸ ਤਰ੍ਹਾਂ ਹੋਵੇ ਜੋ ਬਾਹਰ ਤੋਂ ਹਰ ਆਉਣ ਵਾਲੇ ਵਿਅਕਤੀ 'ਤੇ ਨਜ਼ਰ ਰੱਖ ਸਕੇ। ਕੈਮਰੇ ਇਸ ਕਦਰ ਚੰਗੇ ਹੋਣੇ ਚਾਹੀਦੇ ਹਨ ਕਿ ਉਸ ਵਿਚ ਕੈਦ ਹੋਏ ਵਿਅਕਤੀ ਦੀ ਵੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਬੈਂਕ ਦੇ ਬਾਹਰ ਲੱਗਣ ਵਾਲੇ ਸੀ. ਸੀ. ਟੀ. ਵੀ. ਕੈਮਰੇ ਨਾਈਟਵਿਜ਼ਨ ਦੇ ਹੋਣ ਤਾਂ ਕਿ ਉਹ ਵਾਰਦਾਤ ਦੇ ਸਮੇਂ ਇਸਤੇਮਾਲ ਹੋਣ ਵਾਲੇ ਵਾਹਨਾਂ ਤੱਕ ਨੂੰ ਕੈਦ ਕਰ ਸਕਣ। ਬੈਂਕ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਹਥਿਆਰ ਚਲਾਉਣ ਦੀ ਪੂਰੀ ਜਾਣਕਾਰੀ ਰੱਖਦੇ ਹੋਵੇ ਤੇ ਇਹ ਵੀ ਯਕੀਨੀ ਕੀਤਾ ਜਾਵੇ ਕਿ ਉਹ ਬੈਂਕਾਂ ਦੇ ਗੇਟ 'ਤੇ ਹੀ ਤਾਇਨਾਤ ਰਹੇ।
ਸੁਰੱਖਿਆ ਗਾਰਡ ਇਸ ਕਦਰ ਚੌਕਸੀ ਰੱਖੇ ਕਿ ਬੈਂਕ ਵਿਚ ਹਰ ਆਉਣ-ਜਾਣ ਵਾਲੇ ਵਿਅਕਤੀ 'ਤੇ ਆਪਣੀ ਪੈਨੀ ਨਜ਼ਰ ਟਿਕਾਏ ਰੱਖੇ। ਸੁਰੱਖਿਆ ਕਰਮਚਾਰੀ ਨੂੰ ਕਿਸੇ ਵੀ ਵਿਅਕਤੀ 'ਤੇ ਸ਼ੱਕ ਹੋਣ 'ਤੇ ਉਹ ਤੁਰੰਤ ਸੰਬੰਧਿਤ ਥਾਣਾ ਅਤੇ ਪੀ. ਸੀ. ਆਰ. ਕਰਮਚਾਰੀ ਨੂੰ ਸੂਚਿਤ ਕਰੇ ਤਾਂ ਕਿ ਕਿਸੇ ਵੀ ਘਟਨਾ ਤੋਂ ਪਹਿਲਾਂ ਉਸ 'ਤੇ ਕਾਬੂ ਪਾਇਆ ਜਾ ਸਕੇ। ਬੈਂਕ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਤੋਂ ਸਿਰਫ ਸੁਰੱਖਿਆ ਸਬੰਧੀ ਹੀ ਕੰਮ ਲਿਆ ਜਾਵੇ। ਬੈਂਕ ਤੋਂ ਪੈਸੇ ਲਿਜਾਣ ਅਤੇ ਲਿਆਉਣ ਦੇ ਸਮੇਂ ਸੁਰੱਖਿਆ ਗਾਰਡ ਨੂੰ ਪੂਰੀ ਹਦਾਇਤ ਹੋਵੇ ਕਿ ਉਹ ਗੱਡੀ ਦੇ ਅੱਗੇ-ਪਿੱਛੇ ਖੜ੍ਹਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਏ. ਟੀ. ਐੱਮ. ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੋ ਏ. ਟੀ. ਐੱਮ. ਸ਼ਹਿਰ ਤੋਂ ਬਾਹਰ ਹੈ ਉਨ੍ਹਾਂ ਨੂੰ ਰਾਤ ਬੰਦ ਸਮੇਂ ਕਰਨ 'ਤੇ ਵੀ ਵਿਚਾਰ ਕੀਤਾ ਗਿਆ।
ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਵੀ ਪੁਲਸ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ। ਇਹ ਵਿਸ਼ੇਸ਼ ਮੀਟਿੰਗ ਹਰ 3 ਮਹੀਨੇ ਦੇ ਉਪਰੰਤ ਹੋਵੇਗੀ, ਜਿਸ ਵਿਚ ਸੁਰੱਖਿਆ ਸਬੰਧੀ ਰਿਵਿਊ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀ. ਸੀ. ਪੀ. ਅਮਰੀਕ ਸਿੰਘ ਪਵਾਰ, ਏ. ਡੀ. ਸੀ. ਪੀ. ਲਖਬੀਰ ਸਿੰਘ ਅਤੇ ਬੈਂਕ ਅਧਿਕਾਰੀ ਮੌਜੂਦ ਸਨ।


Related News