ਅਕਾਲੀ-ਭਾਜਪਾ ਸਰਕਾਰ ਕੋਲ ਕੋਈ ਵੀ ਖੇਡ ਨੀਤੀ ਨਹੀਂ ਸੀ : ਪ੍ਰਗਟ ਸਿੰਘ

06/20/2017 2:30:44 PM

ਸੁਲਤਾਨਪੁਰ ਲੋਧੀ - ਯੂਰਪੀਅਨ ਦੇਸ਼ ਮਨੁੱਖ ਦੇ ਪੂਰਨ ਵਿਅਕਤੀਤਵ ਦੀ ਸਿਰਜਣਾ ਲਈ ਆਪਣੇ ਕੁੱਲ ਬਜਟ ਦਾ ਤੀਸਰਾ ਹਿੱਸਾ ਖਰਚ ਕਰਦੇ ਹਨ, ਜਦਕਿ ਆਬਾਦੀ ਦੇ ਲਿਹਾਜ਼ ਨਾਲ ਦੁਨੀਆ 'ਚ ਨੰਬਰ ਰੱਖਣ ਵਾਲਾ ਭਾਰਤ ਸਿਰਫ 7 ਫੀਸਦੀ ਹੀ ਖਰਚਦਾ ਹੈ, ਯਾਨੀ ਸਿਰਫ 7 ਫੀਸਦੀ। ਇਹ ਸ਼ਬਦ ਪਦਮਸ਼੍ਰੀ ਓਲੰਪੀਅਨ ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਜੀ ਦੀ ਅਗਵਾਈ ਹੇਠ ਚੱਲ ਰਹੀ ਕੌਮੀ ਕਿਸ਼ਤੀ ਦੌੜ ਪ੍ਰਤੀਯੋਗਤਾ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੋਂ ਪਹਿਲਾਂ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਖੁਰਾਕਾਂ ਵਿਚਲੀ ਨਾ ਤਾਂ ਪਹਿਲਾਂ ਵਾਂਗ ਸਾਦਗੀ ਹੀ ਰਹੀ ਹੈ ਤੇ ਨਾ ਹੀ ਪੂਰਨ ਰੂਪ 'ਚ ਸੰਤੁਲਿਤਾ।
ਵਿਧਾਇਕ ਪ੍ਰਗਟ ਸਿੰਘ ਨੇ ਵਿਸ਼ਵ ਪੱਧਰ ਦੀਆਂ ਖੇਡਾਂ ਪ੍ਰਤੀਯੋਗਿਤਾਵਾਂ ਦੇ ਕਾਬਿਲ ਹੋਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਮਾਜ ਤੇ ਸਰਕਾਰ ਦੀਆਂ ਨੀਅਤਾਂ ਤੇ ਨੀਤੀਆਂ ਲੋਕ-ਪੱਖੀ ਨਹੀਂ ਹੁੰਦੀਆਂ, ਉਦੋਂ ਤਕ ਤਾਂ ਮੁਸ਼ਕਿਲ ਹੀ ਨਹੀਂ ਅਸੰਭਵ ਹੀ ਹੈ ਪਰ ਜਦੋਂ ਅਸੀਂ ਜ਼ਿੰਦਗੀ ਨੂੰ ਜ਼ਿੰਦਗੀ ਮੰਨ ਕੇ ਤੁਰ ਪਏ ਤਾਂ ਅਸੰਭਵ ਸ਼ਬਦ ਖੁਦ-ਬ-ਖੁਦ ਖਤਮ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਹਰੇਕ ਪਾਰਟੀ 'ਚ ਆਪਣਾ ਵੋਟ ਬੈਂਕ ਨੂੰ ਪੱਕਾ ਕਰਨ ਦੀ ਖਾਤਿਰ ਸਬਸਿਡੀਆਂ ਦੇਣ ਦਾ ਦੌਰ ਚੱਲ ਰਿਹਾ ਹੈ। ਜੇ ਕੋਈ ਰਾਜਨੀਤਿਕ ਪਾਰਟੀ 100 ਰੁਪਏ ਸਬਸਿਡੀ ਦੇਣ ਦਾ ਐਲਾਨ ਕਰਦੀ ਹੈ ਤਾਂ ਦੂਸਰੀ 200 ਦੇਣ ਦਾ ਐਲਾਨ ਕਰ ਦਿੰਦੀ ਹੈ। ਇਹ ਪੁੱਛਣ 'ਤੇ ਕਿ ਅੱਜ ਅਸੀਂ ਸਬਸਿਡੀ ਦੇ ਨਾਲ-ਨਾਲ ਮੁਫਤ ਆਟਾ-ਦਾਲ ਸਕੀਮ ਦੇ ਰਹੇ ਹਾਂ ਕੀ ਇਹ ਠੀਕ ਹੈ? ਤਾਂ ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਅਨੁਸਾਰ ਹਰ ਮਦਦ ਕੀਤੀ ਜਾ ਰਹੀ ਹੈ ਪ੍ਰੰਤੂ ਸਿੱਧੀ ਰੋਟੀ ਦੇ ਕੇ ਕਿਸੇ ਨੂੰ ਵਿਹਲਾ ਬੈਠਾਉਣ ਦੀ ਬਜਾਏ ਜੇਕਰ ਉਸਨੂੰ ਰੋਟੀ ਕਮਾਉਣ ਕਾਬਿਲ ਬਣਾਇਆ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਹੋਰ ਵੀ ਇੱਜ਼ਤ ਨਾਲ ਜੀ ਸਕਦਾ ਹੈ। ਪੰਜਾਬ 'ਚ ਖੇਡਾਂ ਨੂੰ ਪ੍ਰਫੂਲਿਤ ਕਰਨ ਦੇ ਸਵਾਲ 'ਤੇ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਦਸ ਸਾਲਾਂ ਦੇ ਰਾਜ 'ਚ ਕੋਈ ਖੇਡ ਏਜੰਡਾ ਹੀ ਨਹੀਂ ਸੀ, ਬਲਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਅਸੀਂ ਆਸ ਰੱਖ ਸਕਦੇ ਹਾਂ ਕਿ ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਤੇ ਪਿੰਡ ਦੀ ਗਲੀ ਤੋਂ ਲੈ ਕੇ ਪੰਜਾਬ ਦੇ ਹਰ ਉਸ ਕੋਨੇ ਤੱਕ ਖੇਡ ਸੱਭਿਆਚਾਰ ਪੈਦਾ ਕੀਤਾ ਜਾਵੇਗਾ ਤਾਂ ਜੋ ਅਸੀਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਲਈ ਸਿਹਤ ਚੇਤਨਾ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ। ਇਸ ਮੌਕੇ ਦੀਪਕ ਧੀਰ ਰਾਜੂ ਸਕੱਤਰ ਪ੍ਰਦੇਸ਼ ਕਾਂਗਰਸ, ਆਸਾ ਸਿੰਘ ਵਿਰਕ ਪ੍ਰਧਾਨ ਦਿਹਾਤੀ ਕਾਂਗਰਸ, ਡਿੰਪਲ ਟੰਡਨ ਸੀਨੀਅਰ ਕਾਂਗਰਸੀ ਆਗੂ, ਸੰਜੀਵ ਕੁਮਾਰ ਬਲਾਕ ਪ੍ਰਧਾਨ ਸ਼ਹਿਰੀ, ਸਤਿੰਦਰ ਸਿੰਘ ਚੀਮਾ ਸਾਬਕਾ ਪੰਚਾਇਤ ਅਫਸਰ, ਬਲਜਿੰਦਰ ਸਿੰਘ ਪੀ. ਏ.-ਟੂ ਵਿਧਾਇਕ ਵੀ ਹਾਜ਼ਰ ਸਨ।