ਦਿਹਾਤੀ ਪੁਲਸ ਦਾ ਮੁਖਬਰ ਸੀ ਮੈਡੀਕਲ ਨਸ਼ੇ ਨਾਲ ਫੜਿਆ ਗਿਆ ਪੰਮਾ

08/07/2018 6:43:08 AM

ਜਲੰਧਰ, (ਵਰੁਣ)- ਮੈਡੀਕਲ ਨਸ਼ੇ ਦੀ ਖੇਪ ਨਾਲ ਫੜਿਆ ਗਿਆ ਪਰਮਜੀਤ ਸਿੰਘ ਉਰਫ ਪੰਮਾ  ਦਿਹਾਤੀ ਪੁਲਸ ਲਈ ਮੁਖਬਰੀ ਕਰਦਾ ਸੀ। ਪੰਮੇ ਨੇ ਕਈ ਮੈਡੀਕਲ ਨਸ਼ਾ ਵੇਚਣ ਵਾਲਿਆਂ ਨੂੰ ਜੇਲ  ਭੇਜਣ ਵਿਚ ਪੁਲਸ ਦੀ ਮਦਦ ਕੀਤੀ, ਜਦੋਂਕਿ ਇਸ ਕੰਮ ਵਿਚ ਜ਼ਿਆਦਾ ਪੈਸੇ ਆਉਂਦੇ ਵੇਖ ਉਹ  ਵੱਡੇ ਲੈਵਲ ’ਤੇ ਮੈਡੀਕਲ ਨਸ਼ਾ ਵੇਚਣ ਲੱਗਾ ਅਤੇ ਇਸ ਦਾ ਪਤਾ ਖੁਦ ਪੁਲਸ ਨੂੰ ਨਹੀਂ ਲੱਗ  ਸਕਿਆ। ਯੂ. ਪੀ. ਦੀਅਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਐੱਮ. ਆਰ. ਨਾਲ ਸੈਟਿੰਗ ਕਰ ਕੇ  ਉਥੋਂ ਨਸ਼ਾ ਵੇਚਣ ਲੱਗ ਪਿਆ।
ਜਿਸ ਸਮੇਂ ਪੰਮਾ ਤੇ ਉਸ ਦੇ 3 ਸਾਥੀਆਂ ਨੂੰ ਜਲੰਧਰ  ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ ਨੇ ਗ੍ਰਿਫਤਾਰ ਕੀਤਾ ਤਾਂ ਦਿਹਾਤੀ ਪੁਲਸ ਦੇ  ਇਕ-ਦੋ ਅਧਿਕਾਰੀਆਂ ਨੇ ਕੁਝ ਜਗਾੜ ਲਾਇਆ ਪਰ ਗੱਲ ਨਾ ਬਣਦੀ ਦੇਖ ਕੇ ਉਹ ਪਿੱਛੇ ਹਟ ਗਏ।  ਜਿਸ ਸਮੇਂ ਪੰਮਾ ਫੜਿਆ ਗਿਆ ਉਸ ਵੇਲੇ ਐੱਸ. ਐੱਸ. ਪੀ. ਨਵਜੋਤ ਸਿੰਘ  ਨੇ ਜਲੰਧਰ  ਐੱਸ. ਐੱਸ. ਪੀ. ਦਾ ਅਹੁਦਾ ਸੰਭਾਲਿਆ ਹੀ ਸੀ, ਜਦੋਂਕਿ ਸਾਬਕਾ ਐੱਸ. ਐੱਸ. ਪੀ. ਨੂੰ  ਪੰਮੇ ਦੇ ਮੁਖਬਰ ਹੋਣ ਬਾਰੇ ਪਤਾ ਸੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਪੰਮਾ ਆਪਣੇ ਮੈਡੀਕਲ  ਸਟੋਰ ਦੀ ਆੜ ਵਿਚ ਖੁਦ ਵੀ ਨਸ਼ਾ ਵੇਚ ਰਿਹਾ ਹੈ। ਪੰਮੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਸ  ਨੇ ਬੱਲਾਂ ਦੇ ਰਹਿਣ ਵਾਲੇ ਇਕ ਨਸ਼ਾ ਸਮੱਗਲਰ ਦੀ ਰੇਕੀ ਕੀਤੀ ਸੀ। ਉਹ ਨੌਜਵਾਨ ਨਸ਼ੇ ਦੇ  ਇੰਜੈਕਸ਼ਨ ਵੇਚਦਾ ਸੀ,  ਜਿਸ ਕੋਲੋਂ ਪੰਮੇ ਨੇ 400 ਦੇ ਕਰੀਬ ਨਸ਼ੇ ਵਾਲੇ ਇੰਜੈਕਸ਼ਨ ਮੰਗਵਾਏ  ਸਨ ਪਰ ਇਸ ਤੋਂ ਪਹਿਲਾਂ  ਕਿ ਇੰਜੈਕਸ਼ਨ ਫੜੇ ਜਾਂਦੇ ਪੰਮਾ ਖੁਦ ਹੀ ਫੜਿਆ ਗਿਆ। 
ਪੰਮਾ ਇੰਨਾ  ਸ਼ਾਤਰ ਸੀ ਕਿ ਉਸ ਨੇ ਦਿਹਾਤੀ ਪੁਲਸ ਨੂੰ ਸ਼ੱਕ ਤਕ ਨਹੀਂ ਹੋਣ ਦਿੱਤਾ  ਕਿ ਉਹ ਆਪ ਵੀ  ਕੈਮਿਸਟ  ਸ਼ਾਪ ਦੀ ਆੜ ਵਿਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਜੋ ਵੀ ਵਿਅਕਤੀ ਭੋਗਪੁਰ ਵਿਚ  ਮੈਡੀਕਲ ਨਸ਼ਾ ਵੇਚਦਾ ਸੀ, ਉਸ ਦੀ ਸਾਰੀ ਜਾਣਕਾਰੀ ਪੰਮਾ ਪੁਲਸ ਨੂੰ ਦੇ ਦਿੰਦਾ ਸੀ। ਇਸ ਦਾ  ਲਾਭ ਲੈਂਦਿਆਂ ਪੰਮੇ ਨੇ ਆਪਣਾ ਕਾਰੋਬਾਰ ਇੰਨਾ ਵਧਾ ਲਿਆ ਕਿ ਨਸ਼ੇ ਦੇ ਪੈਸਿਆਂ ਨਾਲ ਉਸ  ਨੇ ਕਾਫੀ ਪ੍ਰਾਪਰਟੀ ਵੀ ਬਣਾ ਲਈ।
ਮੁਖਬਰੀ ਦੀ ਆੜ ਵਿਚ ਕਰ ਰਹੇ ਨੇ ਅਪਰਾਧ 
ਪੁਲਸ ਦਾ ਮੁਖਬਰ  ਬਣ ਕੇ ਕੁਝ ਲੋਕ ਖੁਦ ਅਪਰਾਧ ਕਰ ਰਹੇ ਹਨ। ਸਿਰਫ ਪੰਮਾ ਹੀ ਨਹੀਂ ਸਗੋਂ ਅਜਿਹੇ ਕਈ  ਮੁਖਬਰ ਹਨ ਜੋ ਪੁਲਸ ਦੇ ਨਾਂ ’ਤੇ ਜਾਂ ਤਾਂ ਪੈਸੇ ਵਸੂਲ ਰਹੇ ਹਨ ਜਾਂ ਫਿਰ ਖੁਦ ਕ੍ਰਾਈਮ  ਦੀ ਦੁਨੀਆ ਵਿਚ ਸਰਗਰਮ ਹਨ। ਥਾਣਾ ਇਕ ਦੀ ਪੁਲਸ ਦਾ ਮੁਖਬਰ ਦ ਮੋਬਾਇਲ ਸਨੈਚਿੰਗ  ਦੇ ਕੇਸ ਵਿਚ ਫੜਿਆ ਗਿਆ ਸੀ। 
ਥਾਣਾ 3 ਦਾ ਮੁਖਬਰ ਕੱਦੂ ਖੁਦ ਸ਼ਰਾਬ ਵੇਚਣ ਲੱਗਾ। ਥਾਣਾ 8  ਦੀ ਪੁਲਸ ਦਾ ਮੁਖਬਰ ਅਜੇ ਕਰਤਾਰਪੁਰ ਵਿਚ ਨਸ਼ੇ ਦੇ ਕੇਸ ਵਿਚ ਫੜਿਆ ਗਿਆ। ਈਸ਼ਾ ਨਾਂ ਦੀ  ਲੜਕੀ ਮੁਖਬਰੀ ਦੇ ਨਾਲ-ਨਾਲ ਨਸ਼ਾ ਵੇਚਣ ਲੱਗੀ। ਪੂਜਾ ਵੀ ਮੁਖਬਰੀ ਕਰਦਿਆਂ ਚਿੱਟਾ ਵੇਚਣ  ਲੱਗੀ। ਥਾਣਾ ਮਕਸੂਦਾਂ ਦੇ ਮੁਖਬਰ ਦੀ ਆਡੀਓ ਵਾਇਰਲ ਹੋਈ, ਜਿਸ ਵਿਚ ਉਹ ਬਸਤੀਆਂ ਦੇ ਇਕ  ਨੌਜਵਾਨ ਕੋਲੋਂ ਸ਼ਰਾਬ ਦੇ ਕੇਸ ਵਿਚ ਨਾਂ ਕਢਵਾਉਣ ਲਈ ਮੋਬਾਇਲ ਮੰਗ ਰਿਹਾ ਸੀ, ਜਦੋਂਕਿ  ਖੁਦ ਨੂੰ ਪੁਲਸ ਵਾਲਾ ਦੱਸ ਰਿਹਾ ਸੀ।
ਪੰਮੇ ਦੀ ਪ੍ਰਾਪਰਟੀ ਅਟੈਚ ਕਰਨ ਲਈ ਗ੍ਰਹਿ ਮੰਤਰਾਲਾ ਨੂੰ ਭੇਜੀ ਅਰਜ਼ੀ
ਸੀ.  ਆਈ. ਏ. ਸਟਾਫ ਦੀ ਪੁਲਸ ਨੇ ਪੰਮੇ ਤੇ ਉਸ ਦੇ ਸਾਥੀਆਂ ਦੀ ਪ੍ਰਾਪਰਟੀ ਅਟੈਚ ਕਰਨ ਲਈ  ਦਿੱਲੀ ਗ੍ਰਹਿ ਮੰਤਰਾਲਾ ਵਿਚ ਅਰਜ਼ੀ ਭੇਜੀ ਹੈ। ਸੀ. ਆਈ. ਏ. ਸਟਾਫ ਨੇ ਅਰਜ਼ੀ ਵਿਚ ਲਿਖਿਆ  ਹੈ ਕਿ ਪੰਮੇ ਨੇ ਨਸ਼ਾ ਵੇਚ ਕੇ ਕਾਫੀ ਪ੍ਰਾਪਰਟੀ ਬਣਾਈ ਹੈ। ਸਾਰੀ ਪ੍ਰਾਪਰਟੀ ਦੀ ਜਾਂਚ  ਕੀਤੀ ਜਾਵੇ ਅਤੇ ਉਸ ਨੂੰ ਕੇਸ ਨਾਲ ਅਟੈਚ ਕੀਤਾ ਜਾਵੇ। ਇਸ ਦੀ ਪੁਸ਼ਟੀ ਸੀ. ਆਈ. ਏ. ਸਟਾਫ  ਨੇ ਕਰ ਦਿੱਤੀ।