ਪੇਂਡੂ ਡਾਕ ਸੇਵਕਾਂ ਕੱਢਿਆ ਰੋਸ ਮਾਰਚ

08/22/2017 12:55:32 AM

ਫਰੀਦਕੋਟ,(ਹਾਲੀ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਡਾਕਘਰ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਪੇਂਡੂ ਡਾਕ ਸੇਵਕਾਂ ਵੱਲੋਂ ਮੁੱਖ ਡਾਕਘਰ ਤੋਂ ਲੈ ਕੇ ਭਾਈ ਘਨ੍ਹੱਈਆ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਸੁਪਰਡੈਂਟ ਪੋਸਟ ਆਫ਼ਿਸ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ 23 ਅਗਸਤ ਨੂੰ ਸਰਕਲ ਪੱਧਰ ਦਾ ਧਰਨਾ ਚੰਡੀਗੜ੍ਹ ਵਿਖੇ ਮੁੱਖ ਡਾਕਘਰ ਦੇ ਸਾਹਮਣੇ ਦਿੱਤਾ ਜਾਵੇਗਾ ਤੇ 24 ਅਗਸਤ ਨੂੰ ਨਵੀਂ ਦਿੱਲੀ ਵਿਖੇ ਮੁੱਖ ਡਾਕਘਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।
ਬੁਲਾਰਿਆਂ ਨੇ ਮੰਗ ਕੀਤੀ ਕਿ ਕਮਲੇਸ਼ ਚੰਦਰ ਦੀ ਸਿਫ਼ਾਰਸ਼ ਕੀਤੀ ਰਿਪੋਰਟ ਲਾਗੂ ਕੀਤਾ ਜਾਵੇ, ਡਾਕ ਸੇਵਕਾਂ ਦੀ ਡਿਊਟੀ 8 ਘੰਟੇ ਕੀਤੀ ਜਾਵੇ, ਦਿੱਲੀ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ ਵਾਧੂ ਦਿੱਤੇ ਜਾਂਦੇ ਟਾਰਗੇਟ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੁਰਦੇਵ ਸਿੰਘ ਮੱਲ੍ਹੀ, ਕਮਲਜੀਤ ਸਿੰਘ, ਕੁਲਦੀਪ ਸਿੰਘ ਮੁਮਾਰਾ, ਮਨਜੀਤ ਸਿੰਘ ਮਲੋਟੀ, ਬਲਵਿੰਦਰ ਸਿੰਘ ਔਲਖ, ਜਸਵਿੰਦਰ ਕੌਰ ਭਲੂਰ, ਪਰਮਜੀਤ ਕੌਰ, ਪ੍ਰਕਾਸ਼ ਕੌਰ ਅਤੇ ਮਨਦੀਪ ਕੌਰ ਨੇ ਸੰਬੋਧਨ ਕੀਤਾ।