ਮੋਬਾਇਲ ਸ਼ਾਪ ਦਾ ਸ਼ਟਰ ਪੁੱਟ ਕੇ ਕੀਤੀ 4.5 ਲੱਖ ਦੀ ਚੋਰੀ

08/13/2019 11:51:16 PM

ਲੁਧਿਆਣਾ (ਰਿਸ਼ੀ)-ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਗਿਆਸਪੁਰਾ ਚੌਕ ਕੋਲ ਡੀ.ਐੱਨ. ਮੋਬਾਇਲ ਸ਼ਾਪ ਦਾ ਸ਼ਟਰ ਪੁੱਟ ਕੇ ਦਾਖਲ ਹੋਏ 5 ਚੋਰ ਸਿਰਫ 15 ਮਿੰਟ ਵਿਚ 4 ਲੱਖ 50 ਹਜ਼ਾਰ ਦੀ ਕੀਮਤ ਦੇ 100 ਮੋਬਾਇਲ ਫੋਨ, 20 ਹਜ਼ਾਰ ਕੈਸ਼ ਅਤੇ ਹੋਰ ਕੀਮਤੀ ਸਾਮਾਨ ਲੈ ਗਏ। ਚੋਰੀ ਦੀ ਹਰਕਤ ਸ਼ਾਪ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ। ਪਤਾ ਲਗਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਵਿਕਾਸ ਗੁਪਤਾ ਨਿਵਾਸੀ ਅਮਰਦਾਸ ਕਾਲੋਨੀ ਨੇ ਦੱਸਿਆ ਕਿ ਹਰ ਰੋਜ਼ ਵਾਂਗ ਸੋਮਵਾਰ ਰਾਤ 10 ਵਜੇ ਸ਼ਾਪ ਬੰਦ ਕਰਕੇ ਘਰ ਗਏ ਸਨ। ਸਵੇਰ ਗੁਆਂਢ ਵਿਚ ਰਹਿਣ ਵਾਲੇ ਲੱਕੀ ਨੇ ਫੋਨ ਕਰਕੇ ਚੋਰੀ ਸਬੰਧੀ ਸੂਚਨਾ ਦਿੱਤੀ।

ਮੌਕੇ 'ਤੇ ਆ ਕੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਸਪੱਸ਼ਟ ਹੋ ਗਿਆ ਕਿ ਰਾਤ 2.15 ਵਜੇ 5 ਨਕਾਬਪੋਸ਼ ਚੋਰ ਦੁਕਾਨ ਦੇ ਬਾਹਰ ਆਉਂਦੇ ਹਨ ਅਤੇ ਸੱਬਲ ਨਾਲ ਲਾਕ ਤੋੜਣ ਤੋਂ ਬਾਅਦ 3 ਚੋਰ ਅੰਦਰ ਦਾਖਲ ਹੋ ਜਾਂਦੇ ਹਨ, ਜਦਕਿ 2 ਬਾਹਰ ਸੜਕ ਦੇ ਦੋਵੇਂ ਪਾਸੇ ਖੜੇ ਹੋ ਜਾਂਦੇ ਹਨ। ਇਸ ਤੋਂ ਬਾਅਦ ਸਾਰੇ ਆਪਸ ਵਿਚ ਕੰਨ ਲਾ ਕੇ ਗੱਲਬਾਤ ਕਰਦੇ ਹਨ ਤਾਂਕਿ ਕਿਸੇ ਦੇ ਅਚਾਨਕ ਆਉਣ 'ਤੇ ਲੁਕ ਸਕਣ। ਉਸੇ ਸਮੇਂ ਸਿਰਫ 15 ਮਿੰਟ ਵਿਚ ਉਕਤ ਸਾਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਮੌਕੇ 'ਤੇ ਪੁੱਜੇ ਫਿੰਗਰਪ੍ਰਿੰਟ ਮਾਹਰਾਂ ਮੁਤਾਬਕ ਚੋਰਾਂ ਦੇ ਨਿਸ਼ਾਨ ਉਨ੍ਹਾਂ ਨੂੰ ਨਹੀਂ ਮਿਲ ਸਕੇ ਹਨ। ਇਸ ਗੱਲ ਨੂੰ ਲੈ ਕੇ ਦੁਕਾਨ ਮਾਲਕ ਵਿਚ ਰੋਸ ਸੀ, ਨਾਲ ਹੀ 2 ਵਾਰ ਚੋਰੀ ਹੋਣ 'ਤੇ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਮਾਲਕ ਨੇ ਚੋਰਾਂ ਬਾਰੇ ਜਾਣਕਾਰੀ ਦੇਣ 'ਤੇ 10 ਹਜ਼ਾਰ ਰੁਪਏ ਦਾ ਗੁਪਤ ਇਨਾਮ ਦੇਣ ਦੀ ਐਲਾਨ ਕਰ ਦਿੱਤਾ।

ਗਰਮੀ ਲੱਗਣ 'ਤੇ ਉਤਾਰੇ ਰੁਮਾਲ, ਕੈਮਰੇ 'ਚ ਕੈਦ
ਮਾਲਕ ਦੇ ਮੁਤਾਬਕ ਰਾਤ ਨੂੰ ਲਾਇਟ ਨਾ ਹੋਣ ਕਾਰਨ ਜਦੋਂ ਚੋਰ ਅੰਦਰ ਦਾਖਲ ਹੋਏ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਗਰਮੀ ਲੱਗਣ ਲੱਗੀ ਜਿਸ ਕਾਰਨ ਉਨ੍ਹਾਂ ਨੇ ਚਿਹਰੇ ਤੋਂ ਰੁਮਾਲ ਉਤਾਰ ਲਏ, ਉਸ ਸਮੇਂ ਕੈਮਰਿਆਂ ਵਿਚ ਕੈਦ ਹੋ ਗਏ। ਪਤਾ ਲੱਗਣ 'ਤੇ ਉਨ੍ਹਾਂ ਨੇ ਕੈਮਰਿਆਂ ਨੂੰ ਵੀ ਘੁਮਾ ਦਿੱਤਾ।

1 ਸਾਲ ਪਹਿਲਾਂ ਵੀ ਹੋਈ ਸੀ ਚੋਰੀ, ਨਹੀਂ ਲੱਗਾ ਕੋਈ ਸੁਰਾਗ
ਮਾਲਕ ਦੇ ਮੁਤਾਬਕ 1 ਸਾਲ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਤੇ ਚੋਰੀ ਹੋਈ ਸੀ, ਉਸ ਸਮੇਂ ਨੇਪਾਲੀ ਚੋਰ ਲਗਭਗ 2 ਲੱਖ ਦੀ ਕੀਮਤ ਦੇ ਮੋਬਾਇਲ ਲੈ ਗਿਆ ਸੀ। ਉਨ੍ਹਾਂ ਵੱਲੋਂ ਪੁਲਸ ਨੂੰ ਫੁਟੇਜ ਦਿੱਤੀ ਗਈ ਸੀ ਪਰ ਫਿਰ ਵੀ ਪੁਲਸ ਉਸ ਨੂੰ ਫੜ ਨਹੀਂ ਸਕੀ ਅਤੇ ਹੁਣ ਫਿਰ ਦੁਕਾਨ 'ਤੇ ਚੋਰ ਹੱਥ ਸਾਫ ਕਰ ਗਏ।

Karan Kumar

This news is Content Editor Karan Kumar