ਡੇਢ ਲੱਖ ਦੀ ਲੁੱਟ-ਖੋਹ ਦਾ ਪੁਲਸ ਨੇ ਕੀਤਾ ਪਰਦਾਫਾਸ਼

10/14/2017 6:21:07 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਦਿਨੀਂ ਸੁਲਤਾਨਪੁਰ ਲੋਧੀ ਤਲਵੰਡੀ ਰੋਡ 'ਤੇ ਪਿੰਡ ਕੁੱਲੀਆਂ ਦੇ ਨਜ਼ਦੀਕ ਇਕ ਸੇਵਾ ਕੇਂਦਰ ਦੇ ਮੁਲਾਜ਼ਮ ਕੋਲੋਂ ਡੇਢ ਲੱਖ ਰੁਪਏ ਦੀ ਨਕਦੀ ਦੀ ਹੋਈ ਲੁੱਟ-ਖੋਹ ਦੇ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਾ ਸਿਰਫ ਇਸ ਲੁੱਟ-ਖੋਹ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ, ਬਲਕਿ ਖੋਹੀ ਹੋਈ ਨਕਦੀ ਸਮੇਤ ਉਕਤ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਸਬੰਧੀ  ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ, ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ 9 ਅਕਤੂਬਰ ਨੂੰ ਪਿੰਡ ਭੰਡਾਲ ਬੇਟ ਦੇ ਸੇਵਾ ਕੇਂਦਰ 'ਚ ਲੱਗੇ ਮੁਲਾਜ਼ਮ ਕੰਪਿਊਟਰ ਆਪਰੇਟਰ ਪ੍ਰਿਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਡੱਲਾ ਨੇ ਉਸ ਪਾਸੋਂ ਡੇਢ ਲੱਖ ਰੁਪਏ ਨਕਦੀ ਵਾਲਾ ਬੈਗ ਤੇ ਜ਼ਖਮੀ ਕਰਨ ਸਬੰਧੀ ਮਾਮਲਾ ਦਰਜ ਕਰਵਾਇਆ, ਜਿਸ ਦੇ ਮਾਮਲੇ 'ਚ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਵਲੋਂ ਦਿੱਤੇ ਹੁਕਮਾਂ 'ਤੇ ਇਸ ਲੁੱਟ-ਖੋਹ ਲਈ ਏ. ਐੱਸ. ਆਈ. ਕ੍ਰਿਪਾਲ ਸਿੰਘ ਤੇ ਹੋਰ ਪੁਲਸ ਫੋਰਸ ਦੀ ਜਾਂਚ ਦੀ ਡਿਊਟੀ ਲਗਾਈ ਸੀ।
ਡੀ. ਐੱਸ. ਪੀ. ਨੇ ਦੱਸਿਆ ਕਿ ਦੌਰਾਨੇ ਮੁੱਢਲੀ ਜਾਂਚ ਤੋਂ ਪੁਲਸ ਨੂੰ ਇਹ ਲੁੱਟ-ਖੋਹ ਦਾ ਮਾਮਲਾ ਸ਼ੱਕੀ ਲੱਗਿਆ ਤੇ ਜਿਸਦੇ ਆਧਾਰ 'ਤੇ ਪੁਲਸ ਨੇ ਉਕਤ ਲੁੱਟ-ਖੋਹ ਬਾਰੇ ਮੁਲਾਜ਼ਮ ਪ੍ਰਿਤਪਾਲ ਸਿੰਘ ਤੋਂ ਸਖਤੀ ਨਾਲ ਜਦੋਂ ਪੁੱਛਗਿੱਛ ਕੀਤੀ ਤਾਂ ਉਸਨੇ ਲੁੱਟ-ਖੋਹ ਦੇ ਮਾਮਲੇ ਨੂੰ ਡਰਾਮਾ ਦੱਸਿਆ ਤੇ ਕਿਹਾ ਕਿ ਸੇਵਾ ਕੇਂਦਰ 'ਚ ਉਸ ਪਾਸ ਬਿਜਲੀ ਦੇ ਬਿੱਲ, ਜਨਮ ਤੇ ਮੌਤ ਦੇ ਸਰਟੀਫਿਕੇਟ ਸਬੰਧੀ ਰੋਜ਼ਾਨਾ ਕੰਮ ਆਉਂਦਾ ਸੀ ਪਰ ਉਸ ਦੇ ਪਿਤਾ ਨੇ ਇਕ ਟਰੈਕਟਰ ਕਿਸ਼ਤਾਂ 'ਤੇ ਲਿਆ ਸੀ, ਜਿਸਦੀ ਕਿਸ਼ਤ ਨਾ ਚੁਕਾਉਣ ਕਾਰਨ ਉਸ ਨੇ ਇਹ ਲੁੱਟ-ਖੋਹ ਦਾ ਡਰਾਮਾ ਰਚਿਆ ਤੇ ਉਸ ਪਾਸੋਂ ਰੋਜ਼ਾਨਾ ਕੈਸ਼ ਲੈ ਕੇ ਬੈਂਕ ਜਮ੍ਹਾ ਕਰਵਾਉਣ ਵਾਲੇ ਮੁਲਾਜ਼ਮ ਸਤਬੀਰ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਉਸਨੇ ਕੈਸ਼ ਨਹੀਂ ਦਿੱਤਾ ਤੇ ਖੁਦ ਪਿੰਡ ਕੁੱਲੀਆਂ ਮੋੜ ਦੇ ਨਜ਼ਦੀਕ ਇਕ ਨਸ਼ੀਲੇ ਸਰਿੰਜ ਨਾਲ ਆਪਣੀ ਬਾਂਹ 'ਤੇ ਲਗਾ ਕੇ ਬਲੱਡ ਨਾਲ ਚੀਰ ਲਿਆ ਤੇ ਆਪ ਹੀ ਸਥਾਨਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋ ਗਿਆ।  ਡੀ. ਐੱਸ. ਪੀ. ਨੇ ਦੱਸਿਆ ਕਿ ਉਕਤ ਲੁੱਟ-ਖੋਹ ਦੇ ਮਾਮਲੇ 'ਚ ਮੁਲਜ਼ਮ ਪ੍ਰਿਤਪਾਲ ਸਿੰਘ ਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਧਾਰਾ 406-409-182 ਦੇ ਤਹਿਤ ਕੇਸ ਦਰਜ ਕਰਕੇ ਨਕਦੀ ਨੂੰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸਦਾ 1 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ, ਜਿਸ ਦੌਰਾਨ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। 
ਇਸ ਮੌਕੇ ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਸੁਰਜੀਤ ਲਾਲ, ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ ਆਦਿ ਹਾਜ਼ਰ ਸਨ।