ਜ਼ਹਿਰੀਲੀ ਸ਼ਰਾਬ ਮਾਮਲਾ : ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਜ਼ਿੰਮੇਵਾਰੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸਿਰ

08/06/2020 5:50:11 PM

ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਜ਼ਿਲ੍ਹਿਆਂ 'ਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜੋ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਨੂੰ ਸੌਂਪੀ ਗਈ ਸੀ, ਉਹ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇਸ ਜਾਂਚ ਅਧੀਨ ਕਮਿਸ਼ਨਰ ਸ੍ਰੀ ਚੌਧਰੀ ਨੇ ਅੰਮ੍ਰਿਤਸਰ 'ਚ ਤਿੰਨਾਂ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸ਼ੱਕੀ ਵਿਅਕਤੀ ਚਾਹੇ ਉਹ ਕਿਸੇ ਪਾਰਟੀ, ਕਿਸੇ ਅਹੁਦੇ ਜਾਂ ਕਿਸੇ ਮਹਿਕਮੇ ਨਾਲ ਸਬੰਧਤ ਹੋਵੇ ਜਾਂਚ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਕਤ ਕਾਂਡ 'ਚ ਕਿੱਥੇ ਲਾਪਰਵਾਹੀ ਹੋਈ ਹੈ ਅਤੇ ਕਿਸ ਨੇ ਕੀਤੀ ਹੈ, ਉਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ਲਈ 21 ਦਿਨ ਦਾ ਸਮਾਂ ਮਿਲਿਆ ਹੈ ਅਤੇ ਉਹ ਇਸ ਸਮੇਂ ਦੌਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਸਰਕਾਰ ਸਾਹਮਣੇ ਰੱਖਣਗੇ। ਚੌਧਰੀ ਨੇ ਕਿਹਾ ਕਿ   ਮੁੱਖ ਤੌਰ 'ਤੇ ਪੁਲਸ ਅਤੇ ਆਬਕਾਰੀ ਮਹਿਕਮੇ ਜਾਂਚ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਦੋਵਾਂ ਮਹਿਕਮਿਆਂ ਦੀ ਨਾਜਾਇਜ਼ ਵਿਕਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਕੋਵਿਡ ਵਿਰੁੱਧ ਸੂਬੇ ਵਲੋਂ ਖਰਚੇ 501.07 ਕਰੋੜ ਦੀ ਖਰਚਾ ਰਾਸ਼ੀ ਨੂੰ ਮਿਲੀ ਪ੍ਰਵਾਨਗੀ      

ਉਨਾਂ ਐਕਸਾਇਜ਼ ਮਹਿਕਮੇ ਦੇ ਜੁਆਇੰਟ ਕਮਿਸ਼ਨਰ ਕੋਲੋਂ ਪੰਜਾਬ 'ਚ ਚੱਲਦੀ ਡਿਸਟਿਲਰੀਆਂ, ਉਨ੍ਹਾਂ ਤੋਂ ਤਿਆਰ ਹੁੰਦੇ ਉਤਪਾਦ, ਜਿਸ 'ਚ ਈਥਾਨੋਲ, ਮਿਥਾਈਲ ਆਦਿ ਸ਼ਾਮਲ ਹਨ ਦੇ ਵੇਰਵੇ, ਮਾਲਕਾਂ ਦਾ ਵਿਸਥਾਰ, ਪਿਛਲੇ 2 ਸਾਲ 'ਚ ਕਿੰਨਾ ਸਮਾਨ ਬਣਾਇਆ ਅਤੇ ਕਿੱਥੇ-ਕਿੱਥੇ ਵੇਚਿਆ। ਇੰਨ੍ਹਾਂ ਡਿਸਟਲਰੀਆਂ 'ਚ ਆਬਕਾਰੀ ਮਹਿਕਮੇ ਦੇ ਕਿਹੜੇ-ਕਿਹੜੇ ਅਧਿਕਾਰੀ ਡਿਊਟੀ 'ਤੇ ਰਹੇ। ਜਿਹੜੇ ਪਿੰਡਾਂ 'ਚ ਮੌਤਾਂ ਹੋਈਆਂ, ਉਸ ਇਲਾਕੇ 'ਚ ਕਿਹੜੇ-ਕਿਹੜੇ ਐਕਸਾਇਜ਼ ਇੰਸਪੈਕਟਰ ਤਾਇਨਾਤ ਸਨ, ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡਿਸਟਲਰੀ ਤੋਂ ਬਣਦੀ ਇੰਡਸਟਰੀਅਲ ਸਪਿਰਟ ਨੂੰ ਅੱਗੇ ਢੋਣ ਸਮੇਂ ਅਪਨਾਈ ਜਾਂਦੀ ਵਿਧੀ,   ਉਹ ਕਿੱਥੇ ਅਤੇ ਕਿਸ ਨੂੰ ਵੇਚੀ ਜਾਂਦੀ ਹੈ, ਸ਼ਰਾਬ ਬਨਾਉਣ ਵਾਲੇ ਬੋਟਲਿੰਗ ਪਲਾਂਟ ਦੀ ਵਿਸਥਾਰ ਸਾਹਿਤ ਰਿਪੋਰਟ ਮੰਗੀ ਹੈ। ਇਸੇ ਦੌਰਾਨ ਉਨ੍ਹਾਂ ਹਾਜ਼ਰ ਤਿੰਨਾਂ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਕੋਲੋਂ ਹੁਣ ਤੱਕ ਕੀਤੀ ਗਈ ਜਾਂਚ, ਬਰਾਮਦ ਹੋਏ ਸਮਾਨ ਦਾ ਵਿਸਥਾਰ, ਕੌਣ-ਕੌਣ ਗ੍ਰਿਫਤਾਰ ਕੀਤਾ, ਐੱਫ. ਆਈ. ਆਰ ਦੀਆਂ ਕਾਪੀਆਂ ਅਤੇ ਜਾਂਚ ਲਈ ਅਪਨਾਈ ਗਈ ਵਿਧੀ ਦੀ ਮੰਗ ਕਰਦੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ 'ਤੇ ਪਿੰਡ ਦੇ ਸਧਾਰਨ ਵਾਸੀਆਂ ਦੇ ਬਿਆਨ ਵੀ ਪੇਸ਼ ਕੀਤੇ ਜਾਣ। 

ਇਹ ਵੀ ਪੜ੍ਹੋ : ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

ਉਨ੍ਹਾਂ ਕਿਹਾ ਕਿ ਕੇਵਲ ਨਾਜ਼ਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੇ ਹੇਠਲੇ ਦੋਸ਼ੀਆਂ 'ਤੇ ਹੀ ਕਾਰਵਾਈ ਨਹੀਂ ਹੋਵੇਗੀ ਸਗੋਂ ਹਰੇਕ ਧਿਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਪਿੰਡਾਂ ਵਾਲਿਆਂ ਦੀ ਗੱਲ ਵੀ ਸੁਣਨਗੇ ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਂਡ 'ਚ ਜਿਹੜੇ ਲੋਕ ਮਾਰੇ ਗਏ ਪਰ ਉਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ, ਉਨ੍ਹਾਂ ਨੂੰ ਵੀ ਜਾਂਚ ਦਾ ਵਿਸ਼ਾ ਬਣਾਇਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਾਂਚ 'ਚ ਸਾਡਾ ਸਾਥ ਦੇਣ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾ ਸਕੇ ਅਤੇ ਅੱਗੇ ਤੋਂ ਅਜਿਹਾ ਦੁਖਦਾਈ ਹਾਦਸਾ ਨਾ ਵਾਪਰੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐੱਸ. ਪੀ. ਹੈਡਕੁਆਰਟਰ ਤਰਨਤਾਰਨ ਗੌਰਵ ਤੂਰਾ, ਐੱਸ. ਪੀ. ਬਟਾਲਾ ਤੇਜਬੀਰ ਸਿੰਘ ਹੁੰਦਲ, ਐੱਸ. ਪੀ. ਜਾਂਚ ਤਰਨਤਾਰਨ ਜਗਜੀਤ ਸਿੰਘ ਵਾਲੀਆ, ਐੱਸ. ਡੀ. ਐੱਮ. ਤਰਨਤਾਰਨ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਬਟਾਲਾ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ। 

Anuradha

This news is Content Editor Anuradha