ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹੱਲਾ ਨਿਵਾਸੀਆਂ ਲਗਾਈ ਗੁਹਾਰ

07/25/2017 5:57:41 AM

ਸੁਲਤਾਨਪੁਰ ਲੋਧੀ, (ਸੋਢੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਸਾਫ-ਸੁਥਰਾ ਬਣਾਉਣ ਲਈ ਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਦੇ ਹੁਕਮਾਂ 'ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਲੋਂ ਸ਼ਹਿਰ 'ਚ ਹਰੇਕ ਦੁਕਾਨ ਦੀ ਕੰਧ ਤੋਂ ਚਾਰ ਫੁੱਟ ਥਾਂ ਛੱਡ ਕੇ ਪੀਲੀ ਪੱਟੀ (ਲਾਈਨ) ਲਗਾਉਣ ਦੀ ਸ਼ਲਾਘਾ ਕਰਦੇ ਹੋਏ ਸ਼ਹਿਰ ਨਿਵਾਸੀਆਂ ਨੇ ਐੱਸ. ਡੀ. ਐੱਮ. ਤੋਂ ਮੰਗ ਕੀਤੀ ਹੈ ਕਿ ਦੁਕਾਨ ਦੀ ਕੰਧ ਤੋਂ ਹਰੇਕ ਦੁਕਾਨਦਾਰ ਦੇ ਮੂਹਰੇ ਚਾਰ ਫੁੱਟ ਦੀ ਜਗ੍ਹਾ ਹੀ ਛੱਡੀ ਜਾਵੇ ਤੇ ਕਿਸੇ ਨਾਲ ਕੋਈ ਪੱਖਪਾਤ ਨਾ ਕੀਤਾ ਜਾਵੇ। ਇਸੇ ਦੌਰਾਨ ਸ਼ਹਿਰ ਦੇ ਮੁਹੱਲਾ ਸਿੱਖਾਂ ਦੇ ਨਿਵਾਸੀਆਂ ਨੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਸਿੱਖਾਂ ਮੁਹੱਲਾ ਦੇ ਮੁੱਖ ਚੌਕ 'ਚ ਇਕ ਟਾਇਰਾਂ ਦੀ ਦੁਕਾਨ ਵਾਲੇ ਦੁਕਾਨਦਾਰ ਵਲੋਂ ਸਰਕਾਰੀ ਸੜਕ ਤੇ ਚੌਕ ਦੀ ਜਗ੍ਹਾ 'ਤੇ 8-10 ਫੁੱਟ ਤਕ ਨਾਜਾਇਜ਼ ਕਬਜ਼ਾ ਕਰਕੇ ਪੁਰਾਣੇ ਟਾਇਰ ਰੱਖ ਹੋਏ ਹਨ ਤੇ ਇਕ ਚੁਬੱਚਾ ਬਣਾ ਕੇ ਕਾਫੀ ਜਗ੍ਹਾ ਰੋਕੀ ਹੋਈ ਹੈ। ਜਿਸ ਕਾਰਨ ਇਥੇ ਟਰੈਫਿਕ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ ਤੇ ਦੁਕਾਨ ਦੇ ਸਾਹਮਣੇ ਤੇ ਉੱਪਰ ਰੱਖੇ ਪੁਰਾਣੇ ਟਾਇਰਾਂ 'ਚ ਬਰਸਾਤ ਦਾ ਪਾਣੀ ਭਰੇ ਰਹਿਣ ਕਾਰਨ ਖਤਰਨਾਕ ਬੀਮਾਰੀਆਂ ਫੈਲ ਰਹੀਆਂ ਹਨ। ਸਿੱਖਾਂ ਮੁਹੱਲਾ ਨਿਵਾਸੀਆਂ ਇਹ ਵੀ ਸ਼ਿਕਾਇਤ ਕੀਤੀ ਕਿ ਮੁੱਖ ਚੌਕ 'ਚ ਇਕ ਬਰਫ ਦੇ ਕਾਰਖਾਨੇ ਮੂਹਰੇ ਵੀ ਗੱਡੀਆਂ ਤੇ ਹੋਰ ਰੇਹੜੀਆਂ ਖੜ੍ਹੀਆਂ ਰਹਿਣ ਕਾਰਨ ਕਈ ਵਾਰ ਸੜਕ ਬਲਾਕ ਰਹਿੰਦੀ ਹੈ। ਇਸੇ ਹੀ ਤਰ੍ਹਾਂ ਸਰਕਾਰੀ ਨਾਲੀ ਨੂੰ ਕਵਰ ਕਰਕੇ ਉੱਪਰ ਬੇਤੁਕੇ ਢੰਗ ਨਾਲ ਥੜੇ ਬਣਾਏ ਹੋਏ ਹਨ। ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਦੁਕਾਨਦਾਰ ਜਾਂ ਫੈਕਟਰੀ ਵਾਲੇ ਨੂੰ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਟਾਇਰਾਂ ਵਾਲੀ ਦੁਕਾਨ ਦੇ ਮਾਲਕ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕੀਤਾ ਹੈ।