ਸ਼ਹਿਰ ''ਚ ਰੇਤਾ ਦੇ ਰੇਟ ਆਸਮਾਨੀ ਚੜ੍ਹੇ

04/15/2018 3:53:42 AM

ਤਰਨਤਾਰਨ,  (ਧਰਮ ਪੰਨੂੰ)-  ਰੇਤਾ ਦੀ ਨਾਜਾਇਜ਼ ਹੋ ਰਹੀ ਮਾਈਨਿੰਗ 'ਤੇ ਪੰਜਾਬ ਸਰਕਾਰ ਵੱਲੋਂ ਸ਼ਿਕੰਜਾ ਕੱਸਣ 'ਤੇ ਤਰਨਤਾਰਨ ਸ਼ਹਿਰ ਅਤੇ ਇਲਾਕੇ ਵਿਚ ਰੇਤਾ ਦੇ ਰੇਟ ਦਿਨਾਂ 'ਚ ਹੀ ਆਸਮਾਨੀ ਚੜ੍ਹ ਗਏ ਹਨ। ਜਿਨ੍ਹਾਂ ਲੋਕਾਂ ਨੇ ਅਜੇ ਉਸਾਰੀਆਂ ਸ਼ੁਰੂ ਕਰਨੀਆਂ ਸਨ, ਉਨ੍ਹਾਂ 'ਚੋਂ ਕਈਆਂ ਨੇ ਰੇਤਾ ਦੇ ਰੇਟ ਵੱਡੇ ਪੱਧਰ 'ਤੇ ਵਧਣ ਕਰ ਕੇ ਆਪਣੀਆਂ ਉਸਾਰੀਆਂ ਸ਼ੁਰੂ ਕਰਨ ਦੀ ਬਜਾਏ ਅੱਗੇ ਪਾ ਦਿੱਤੀਆਂ ਹਨ। ਮਕਾਨ ਉਸਾਰੀਆਂ ਘੱਟ ਹੋਣ ਨਾਲ ਕਈ ਮਿਸਤਰੀ ਮਜ਼ਦੂਰ ਵੇਹਲੇ ਹੋ ਰਹੇ ਹਨ। ਰੋਜ਼ਾਨਾ 50-60 ਦੇ ਕਰੀਬ ਮਿਸਤਰੀ ਮਜ਼ਦੂਰਾਂ ਨੂੰ ਦਿਹਾੜੀ ਨਾ ਮਿਲਣ ਕਰ ਕੇ ਵਾਪਸ ਕਾਲੀ ਹੱਥ ਘਰਾਂ ਨੂੰ ਪਰਤਣਾ ਪੈ ਰਿਹਾ ਹੈ।
 ਇਸ ਸਬੰਧ ਵਿਚ ਸਰਵੇਖਣ ਕਰਨ 'ਤੇ ਪਤਾ ਲੱਗਾ ਕਿ ਜਿਹੜੀ ਰੇਤਾ ਪਹਿਲਾਂ 1800-1900 ਰੁਪਏ ਸੈਂਕੜਾ ਵਿਕਦੀ ਸੀ, ਉਹ ਹੁਣ 3300-3400 ਰੁਪਏ ਮਿਲ ਰਹੀ ਹੈ। ਜੋ ਕਾਲੀ ਰੇਤਾ ਅਜਨਾਲਾ ਨੇੜੇ ਰਾਵੀ ਦਰਿਆ ਦੀ 2300 ਰੁਪਏ ਸੈਂਕੜਾ ਮਿਲਦੀ ਸੀ, ਉਹ ਹੁਣ 3600 ਤੋਂ 3800 ਰੁਪਏ ਸੈਂਕੜਾ ਮਿਲ ਰਹੀ ਹੈ। ਇਸੇ ਤਰ੍ਹਾਂ ਜੋ ਰੇਤਾ 2500 ਰੁਪਏ ਸੈਂਕੜਾ ਮਿਲਦੀ ਸੀ ਉਹ ਹੁਣ ਵਧ ਕੇ 3800-4000 ਰੁਪਏ ਸੈਂਕੜਾ ਮਿਲ ਰਹੀ ਹੈ। ਰੇਤਾ ਮਹਿੰਗੀ ਹੋਣ ਬਾਰੇ ਜਦੋਂ ਰੇਤਾ ਵਿਕਰੇਤਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਿੱਛੋਂ ਖੱਡਾਂ ਤੋਂ ਟਰੱਕਾਂ, ਟਰਾਲੀਆਂ ਵਾਲੇ ਰੇਤਾ ਮਹਿੰਗੀ ਦੇਣ ਲੱਗ ਪਏ ਹਨ, ਇਸ ਕਰ ਕੇ ਅੱਗੇ ਅਸੀਂ ਵੀ ਆਪਣੇ ਖਰਚੇ, ਮੁਨਾਫੇ ਕੱਢ ਕੇ ਰੇਤਾ ਮਹਿੰਗੀ ਵੇਚ ਰਹੇ ਹਾਂ। ਰੇਤਾ ਮਹਿੰਗੀ ਹੋਣ ਦਾ ਇਕੋ ਕਾਰਨ ਹੈ ਕਿ ਖੱਡਾਂ ਚੋਂ ਰੇਤਾ ਦਾ ਘੱਟ ਆਉਣਾ ਅਤੇ ਪਿੱਛੋਂ ਮਹਿੰਗੀ ਮਿਲਣਾ।
 ਲੋਕਾਂ ਨੂੰ ਅਜੇ ਵੀ ਸ਼ੱਕ ਹੈ ਕਿ ਰੇਤਾ ਦੀ ਕਿੱਲਤ ਅਜੇ ਹੋਰ ਸਮਾਂ ਆਵੇਗੀ ਅਤੇ ਰੇਟ ਹੋਰ ਆਸਮਾਨੀ ਚੜ੍ਹਨਗੇ। ਜੇਕਰ ਆਉਣ ਵਾਲੇ ਦਿਨਾਂ ਵਿਚ ਰੇਤਾ ਦੀ ਕਿੱਲਤ ਰਹੀ ਤਾਂ ਦਿਹਾੜੀਦਾਰ, ਮਜ਼ਦੂਰ ਤੇ ਰਾਜ ਮਿਸਤਰੀਆਂ ਦਾ ਕਾਰੋਬਾਰ ਡੁੱਬਣ ਕਿਨਾਰੇ ਆ ਜਾਵੇਗਾ। ਖਪਤਕਾਰਾਂ, ਮਿਸਤਰੀਆਂ, ਦਿਹਾੜੀਦਾਰਾਂ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਅਕਾਲੀ-ਭਾਜਪਾ ਰਾਜ ਸਮੇਂ ਮਿਸਤਰੀ, ਮਜ਼ਦੂਰਾਂ ਦੇ ਕਈ ਮਹੀਨੇ ਰੇਤਾ ਅਤੇ ਬੱਜਰੀ ਦੇ ਰੇਟ ਵਧਣ ਕਰ ਕੇ ਕਾਰੋਬਾਰ ਘਟ ਗਏ ਸਨ, ਉਹੋ ਜਿਹੇ ਦਿਨ ਫੇਰ ਨਾ ਆਉਣ, ਇਸ ਕਰ ਕੇ ਰੇਤਾ ਮੁਆਫੀਆ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਹੁਣ ਤੋਂ ਹੀ ਰੇਤਾ ਦੀ ਖੁੱਲ੍ਹੀ ਅਤੇ ਸਸਤੀ ਵਿਕਣੀ ਯਕੀਨੀ ਬਣਾਈ ਜਾਵੇ।