ਪ੍ਰਦੂਸ਼ਣ ਬੋਰਡ ਵਲੋਂ 1 ਅਕਤੂਬਰ ਤੋਂ 31 ਜਨਵਰੀ ਤਕ ਭੱਠੇ ਬੰਦ ਰੱਖਣ ਦੇ ਨਿਰਦੇਸ਼

04/12/2018 10:47:54 AM

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਕ ਪੱਤਰ ਜਾਰੀ ਕਰਦਿਆਂ ਭੱਠਾ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬੇ ਵਿਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ 1 ਅਕਤੂਬਰ 2018 ਤੋਂ ਲੈ ਕੇ 31 ਜਨਵਰੀ 2019 ਤਕ ਸੂਬੇ ਦੇ ਸਾਰੇ ਹੀ ਭੱਠੇ ਬੰਦ ਰੱਖੇ ਜਾਣਗੇ। 
ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਵਿਚ 3 ਹਜ਼ਾਰ ਭੱਠੇ ਹਨ, ਜੋ ਕਿ ਹਰੇਕ ਸਾਲ 70 ਤੋਂ 80 ਲੱਖ ਇੱਟਾਂ ਤਿਆਰ ਕਰਦੇ ਹਨ। ਵਿਭਾਗ ਅਨੁਸਾਰ 1 ਲੱਖ ਇੱਟਾਂ ਨੂੰ ਪਕਾਉਣ ਲਈ 15 ਟਨ ਕੋਲਾ ਫੂਕਿਆ ਜਾਂਦਾ ਹੈ, ਜਿਸ ਨਾਲ ਵਾਤਾਵਰਣ ਵਿਚ ਕਾਰਬਨ ਡਾਈਅਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਆਕਸਾਈਡ ਆਦਿ ਗੈਸਾਂ ਫੈਲਦੀਆਂ ਹਨ, ਜਿਸ ਨਾਲ ਵਾਤਾਵਰਣ ਭਾਰੀ ਮਾਤਰਾ ਵਿਚ ਪ੍ਰਦੂਸ਼ਿਤ ਹੁੰਦਾ ਹੈ। 
ਵਿਭਾਗ ਅਨੁਸਾਰ ਬਾਰਿਸ਼ਾਂ ਤੋਂ ਬਾਅਦ ਅਕਤੂਬਰ ਤੋਂ ਲੈ ਕੇ ਦਸੰਬਰ ਮਹੀਨੇ ਵਿਚ ਪ੍ਰਦੂਸ਼ਣ ਵਧਣ ਦੇ ਕਈ ਕਾਰਨ ਹਨ, ਜਿਸ ਵਿਚ ਭੱਠਿਆਂ ਦੀਆਂ ਚਿਮਨੀਆਂ 'ਚੋਂ ਨਿਕਲਦਾ ਧੂੰਆਂ, ਅਕਤੂਬਰ 'ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨਾਲ ਫੈਲਦਾ ਪ੍ਰਦੂਸ਼ਣ ਤੇ ਇਨ੍ਹਾਂ ਮਹੀਨਿਆਂ ਵਿਚ ਦੁਸਹਿਰਾ, ਦੀਵਾਲੀ, ਗੁਰਪੁਰਬ ਤੇ ਵਿਆਹ ਦੇ ਸੀਜ਼ਨ ਹੋਣ ਕਾਰਨ ਆਤਿਸ਼ਬਾਜ਼ੀ ਬਹੁਤ ਹੁੰਦੀ ਹੈ, ਇਸ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਫੈਸਲਾ ਕੀਤਾ ਗਿਆ ਹੈ ਕਿ 1 ਅਕਤੂਬਰ 2018 ਤੋਂ ਲੈ ਕੇ 31 ਜਨਵਰੀ 2019 ਤਕ ਭੱਠੇ ਬੰਦ ਰੱਖੇ ਜਾਣਗੇ, ਤਾਂ ਜੋ ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕੇ।
ਵਿਭਾਗ ਅਨੁਸਾਰ ਇੱਟਾਂ ਦੇ ਭੱਠੇ 1 ਫਰਵਰੀ ਤੋਂ ਲੈ ਕੇ 30 ਸਤੰਬਰ ਤਕ ਚਲਾਉਣ ਦੀ ਹੀ ਪ੍ਰਵਾਨਗੀ ਦਿੱਤੀ ਜਾਵੇਗੀ ਪਰ ਇਨ੍ਹਾਂ 7 ਮਹੀਨਿਆਂ ਵਿਚ 2 ਮਹੀਨੇ ਜੂਨ ਤੇ ਜੁਲਾਈ ਭਾਰੀ ਬਾਰਿਸ਼ਾਂ ਹੋਣ ਕਾਰਨ ਭੱਠੇ ਪੂਰੀ ਤਰ੍ਹਾਂ ਨਹੀਂ ਚੱਲਦੇ, ਜਿਸ ਕਾਰਨ ਹੁਣ ਵਿਭਾਗ ਦੇ ਨਵੇਂ ਹੁਕਮਾਂ ਕਾਰਨ ਸਾਲ ਵਿਚ 5 ਮਹੀਨੇ ਹੀ ਭੱਠੇ ਚੱਲਣਗੇ। ਕੇਵਲ 5 ਮਹੀਨੇ ਇੱਟਾਂ ਦੇ ਭੱਠੇ ਚੱਲਣ ਕਾਰਨ ਇੱਟਾਂ ਦੀ ਗਿਣਤੀ ਘਟੇਗੀ, ਉਥੇ ਹੀ ਇੱਟ ਦੇ ਭਾਅ ਵਿਚ ਤੇਜ਼ੀ ਆਉਣ ਦੇ ਆਸਾਰ ਵੀ ਵਧਣਗੇ। ਬੇਸ਼ੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਭੱਠਿਆਂ ਦੀ ਸਮਾਂ ਹੱਦ ਤੈਅ ਕਰ ਦਿੱਤੀ ਗਈ ਹੈ ਪਰ ਇਸ ਦਾ ਸਿੱਧਾ ਅਸਰ ਮਕਾਨ ਬਣਾਉਣ ਵਾਲੇ ਲੋਕਾਂ 'ਤੇ ਪਵੇਗਾ ਤੇ ਉਨ੍ਹਾਂ ਨੂੰ ਇੱਟਾਂ ਦੀ ਮਹਿੰਗਾਈ ਦਾ ਭਾਰ ਵੀ ਝੱਲਣਾ ਪਵੇਗਾ।

ਭੱਠਾ ਐਸੋ. ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਫੈਸਲੇ ਦਾ ਸਵਾਗਤ
ਭੱਠਾ ਐਸੋਸੀਏਸ਼ਨ ਦੇ ਜ਼ਿਲਾ ਉਪ ਪ੍ਰਧਾਨ ਹਰਜੀਤ ਸਿੰਘ ਲਾਡੀ ਨੇ ਕਿਹਾ ਕਿ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ 1 ਅਕਤੂਬਰ 2018 ਤੋਂ 31 ਜਨਵਰੀ 2019 ਤਕ ਭੱਠਾ ਬੰਦ ਰੱਖਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਕਿਉਂਕਿ ਵਧਦਾ ਪ੍ਰਦੂਸ਼ਣ ਮਨੁੱਖਤਾ ਲਈ ਬਹੁਤ ਘਾਤਕ ਹੈ ਤੇ ਵਿਭਾਗ ਨੇ ਜੋ ਵੀ ਇਹ ਫੈਸਲਾ ਲਿਆ ਹੈ, ਉਸਦੀ ਸਾਰੇ ਹੀ ਭੱਠਾ ਮਾਲਕ ਪੂਰੀ ਤਰ੍ਹਾਂ ਪਾਲਣਾ ਕਰਨਗੇ।