ਪੰਜਾਬ ਸਰਕਾਰ ਤੇ ਠੇਕੇਦਾਰ ਦਾ ਪੁਤਲਾ ਫੂਕਿਆ

11/20/2017 7:11:21 AM

ਚੇਤਨਪੁਰਾ/ਰਾਜਾਸਾਂਸੀ, (ਨਿਰਵੈਲ)- ਪਿੰਡ ਮੱਲੂਨੰਗਲ ਤੋਂ ਬੂਆ ਨੰਗਲੀ ਤੱਕ ਜਾਣ ਵਾਲੀ ਸੜਕ 'ਤੇ 1 ਸਾਲ ਤੋਂ ਪ੍ਰੀਮਿਕਸ ਨਾ ਪੈਣ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੇ ਠੇਕੇਦਾਰ ਦਾ ਪੁਤਲਾ ਫੂਕਿਆ ਗਿਆ। 
ਇਸ ਮੌਕੇ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਜਮਹੂਰੀ ਕਿਸਾਨ ਸਭਾ ਦੇ ਆਗੂ ਬੇਅੰਤ ਸਿੰਘ, ਬਲਵਿੰਦਰ ਸਿੰਘ ਫੌਜੀ, ਜਗਤਾਰ ਸਿੰਘ, ਸਾਹਿਬ ਸਿੰਘ, ਸੰਤੋਖ ਸਿੰਘ, ਜਸਪਾਲ ਸਿੰਘ ਮੈਂਬਰ, ਧੀਰ ਸਿੰਘ, ਧਰਮਿੰਦਰ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਲਵਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਲਜ਼ਾਰ ਸਿੰਘ, ਜਗਬੀਰ ਸਿੰਘ, ਇੰਦਰਜੀਤ ਸਿੰਘ, ਬਚਿੱਤਰ ਸਿੰਘ, ਗੁਰਪਾਲ ਸਿੰਘ, ਗੁਰਬੀਰ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਕਾਬਲ ਸਿੰਘ ਆਦਿ ਨੇ ਦੱਸਿਆ ਕਿ ਉਕਤ ਸੜਕ 'ਤੇ 10 ਮਹੀਨਿਆਂ ਤੋਂ ਖਿੱਲਰਿਆ ਪੱਥਰ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਉਨ੍ਹਾਂ ਦੱਸਿਆ ਕਿ 3 ਕਿਲੋਮੀਟਰ ਦੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣਨ ਵਾਲੀ ਸੜਕ ਨੂੰ 8 ਮਹੀਨੇ ਪਹਿਲਾਂ ਲੇਬਰ ਪੁੱਟ ਕੇ ਪੱਥਰ ਖਿਲਾਰ ਕੇ ਚਲੀ ਗਈ ਤੇ ਮੁੜ ਕੋਈ ਨਾ ਮੁੜਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ 'ਤੇ 10 ਦਿਨਾਂ 'ਚ ਪ੍ਰੀਮਿਕਸ ਨਾ ਪਾਇਆ ਗਿਆ ਤਾਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਰਾਜਾਸਾਂਸੀ ਏਅਰਪੋਰਟ 'ਤੇ ਧਰਨਾ ਲਾਇਆ ਜਾਵੇਗਾ।
ਇਸ ਸਬੰਧੀ ਐੱਸ. ਡੀ. ਓ. ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਇਕ ਮਹੀਨੇ ਦੀ ਛੁੱਟੀ 'ਤੇ ਹਾਂ। ਇਸ ਸਬੰਧੀ ਠੇਕੇਦਾਰ ਸੁਰਿੰਦਰਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਪੈਸਾ ਨਹੀਂ ਮਿਲ ਰਿਹਾ, ਇੰਨਾ ਵੱਡਾ ਪ੍ਰਾਜੈਕਟ ਪੈਸਿਆਂ ਤੋਂ ਬਗੈਰ ਕਿਵੇਂ ਪੂਰਾ ਕਰਾਂ।