72 ਘੰਟਿਆਂ ਤੋਂ ਵੱੱਧ ਸਮਾਂ ਬੀਤਣ ''ਤੇ ਵੀ ਸਨੌਰ ਅਨਾਜ ਮੰਡੀ ''ਚ ਨਹੀਂ ਹੋਈ ਕਣਕ ਦੀ ਖਰੀਦ

04/12/2018 11:31:21 AM

ਪਟਿਆਲਾ (ਜੋਸਨ, ਕੁਲਦੀਪ)-ਪਿਛਲੇ 72 ਘੰਟਿਆਂ ਤੋਂ ਸਨੌਰ ਅਨਾਜ ਮੰਡੀ ਵਿਚ ਰੁਲ ਰਹੇ ਕਿਸਾਨਾਂ ਨੇ ਕਣਕ ਦੀ ਖਰੀਦ ਨਾ ਹੋਣ ਕਾਰਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭੁਨਰਹੇੜੀ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਫਸਲ ਕਾਫੀ ਸਮਾਂ ਪਹਿਲਾਂ ਸਨੌਰ ਅਨਾਜ ਮੰਡੀ ਵਿਖੇ ਵੇਚਣ ਲਈ ਲਿਆਏ ਪਰ ਅੱਜ ਤੱਕ ਸਾਡੇ ਵਿਚੋਂ ਕਿਸੇ ਵੀ ਕਿਸਾਨ ਦੀ ਫਸਲ ਖਰੀਦੀ ਨਹੀਂ ਗਈ। ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਦੀ ਫਸਲ 24 ਘੰਟਿਆਂ ਵਿਚ ਮੰਡੀਆਂ ਵਿਚੋਂ ਚੁੱਕੀ ਜਾਵੇਗੀ। ਜਦੋਂ ਉਹ ਆੜ੍ਹਤੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਹੜਤਾਲ ਚੱਲ ਰਹੀ ਹੈ। ਅਸੀਂ ਇਸ ਸਬੰਧੀ ਏ. ਡੀ. ਸੀ. ਸਾਹਿਬ ਨੂੰ ਵੀ ਅੱਜ ਫੋਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਕੋਲ ਇੰਸਪੈਕਟਰ ਸਾਹਿਬ ਆ ਜਾਣਗੇ। ਹਾਲੇ ਤੱਕ ਸਾਡੇ ਕੋਲ ਕਿਸੇ ਵੀ ਏਜੰਸੀ ਦਾ ਇੰਸਪੈਕਟਰ ਨਹੀ ਪੁੱਜਾ। ਕਿਸਾਨਾਂ ਨੇ ਕਿਹਾ ਕਿ ਦਿਨ-ਰਾਤ ਅਸੀਂ ਅਨਾਜ ਮੰਡੀ ਵਿਚ ਖੱਜਲ-ਖੁਆਰ ਹੋ ਰਹੇ ਹਾਂ। ਰਾਤ ਨੂੰ ਮੱਛਰ ਦੇ ਕੱਟਣ ਕਾਰਨ ਕਈ ਕਿਸਾਨ ਬੀਮਾਰ ਵੀ ਹੋ ਚੁੱਕੇ ਹਨ। ਫਿਰ ਬਰਸਾਤ ਪੈਣ ਕਾਰਨ ਉਨ੍ਹਾਂ ਦੀ ਕਣਕ ਖਰਾਬ ਹੋ ਰਹੀ ਹੈ। 
ਇਸ ਦੌਰਾਨ ਰੋਹ ਵਿਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਭੁਨਰਹੇੜੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਭਾਂਖਰ, ਜਗਤਾਰ ਸਿੰਘ ਭਾਂਖਰ, ਬਲਵੰਤ ਸਿੰਘ ਬੱਤਾ ਆਦਿ ਕਿਸਾਨ ਮੌਜੂਦ ਸਨ। 

ਕੀ ਕਹਿੰਦੇ ਹਨ ਫੂਡ ਸਪਲਾਈ ਇੰਸਪੈਕਟਰ? 
ਇਸ ਸਬੰਧੀ ਜਦੋਂ ਬਲਜੀਤ ਸਿੰਘ ਇੰਸਪੈਕਟਰ ਫੂਡ ਸਪਲਾਈ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਹੋ ਰਹੀ ਹੈ। ਉਨ੍ਹਾਂ ਪਰਸੋਂ ਵੀ ਬੋਲੀ ਕਰਵਾਈ ਹੈ। ਮਾਰਕਫੈੱਡ, ਪਨਸਪ ਤੇ ਪਨਗਰੇਨ ਕੋਲ ਥੋੜ੍ਹੇ ਆਰਡਰ ਬਦਲ ਗਏ ਹਨ।
ਪੰਜਾਬ ਐਗਰੋ ਨਾਲ ਸੰਪਰਕ ਕੀਤਾ ਹੈ। ਸਾਡੇ ਕੋਲ ਹਾਲੇ ਸਪੇਸ ਨਹੀਂ ਹੈ। ਅੱਜ ਮੌਸਮ ਖਰਾਬ ਹੋਣ ਕਾਰਨ ਖਰੀਦ ਨਹੀਂ ਹੋ ਸਕੀ। ਕੱਲ ਕਣਕ ਦੀ ਖਰੀਦ ਕਰਵਾ ਦਿੱਤੀ ਜਾਵੇਗੀ।