ਅਨੈਤਿਕ ਅਤੇ ਭ੍ਰਿਸ਼ਟ ਅਕਾਲੀ-ਭਾਜਪਾ ਗੱਠਜੋੜ ਨੂੰ ਜਨਤਾ ਨੇ ਮੁੜ ਠੁਕਰਾਇਆ, ''ਆਪ'' ਹੋਈ ਖਤਮ : ਅਮਰਿੰਦਰ

10/16/2017 8:08:31 AM

ਜਲੰਧਰ  (ਧਵਨ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਉਪ ਚੋਣ 'ਚ ਕਾਂਗਰਸ ਦੀ ਹੈਰਾਨੀਜਨਕ ਜਿੱਤ ਅਤੇ ਵੋਟਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਪੂਰੀ ਤਰ੍ਹਾਂ ਠੁਕਰਾ ਦੇਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਤੋਂ ਪਤਾ ਲੱਗਦਾ ਹੈ ਕਿ ਲੋਕ ਭ੍ਰਿਸ਼ਟ ਅਤੇ ਅਨੈਤਿਕ ਭਾਜਪਾ ਅਤੇ ਅਕਾਲੀ ਦਲ ਨੂੰ ਪਸੰਦ ਨਹੀਂ ਕਰ ਰਹੇ ਹਨ। ਉਪ ਚੋਣ ਦੇ ਨਤੀਜਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸਿਆਸਤ 'ਚ ਹਾਸ਼ੀਏ 'ਤੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਗੁਰਦਾਸਪੁਰ ਸੰਸਦੀ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਕਾਂਗਰਸ ਨੂੰ ਪੂਰਾ ਪਿਆਰ ਅਤੇ ਸਮਰਥਨ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਸੁਨੀਲ ਜਾਖੜ 1.93 ਲੱਖ ਦੇ ਰਿਕਾਰਡ ਫਰਕ ਨਾਲ ਜਿੱਤੇ ਹਨ। ਇਸ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਸੁਖਬੰਸ ਕੌਰ ਭਿੰਡਰ 1980 'ਚ 1.51 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਖੜ ਦੀ ਜਿੱਤ ਨਾਲ ਪੰਜਾਬ 'ਚ ਕਾਂਗਰਸ ਸਰਕਾਰ ਦੀਆਂ ਨੀਤੀਆਂ 'ਤੇ ਵੀ ਜਨਤਾ ਨੇ ਆਪਣੀ ਮੋਹਰ ਲਗਾ ਦਿੱਤੀ ਹੈ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਅਕਾਲੀਆਂ ਵਲੋਂ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਨੀਵਾਂ ਵਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਪੰਜਾਬ 'ਚ ਸਿਆਸੀ ਉਮੀਦਾਂ 'ਤੇ ਫੁਲਸਟਾਪ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਚੋਣ ਨਤੀਜੇ ਤੋਂ ਇਕ ਦਿਨ ਪਹਿਲਾਂ ਪਠਾਨਕੋਟ ਅਤੇ ਗੁਰਦਾਸਪੁਰ ਦੀਆਂ ਇਕਾਈਆਂ ਨੂੰ ਭੰਗ ਕਰ ਦਿੱਤਾ ਸੀ ਉਸ ਤੋਂ ਪਤਾ ਲੱਗਦਾ ਸੀ ਕਿ ਪਾਰਟੀ ਨੇਤਾਵਾਂ ਨੇ ਪਹਿਲਾਂ ਹੀ ਆਪਣੀ ਹਾਰ ਨੂੰ ਕਬੂਲ ਕਰ ਲਿਆ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਨਤਾ ਨਾਲੋਂ ਪੂਰੀ ਤਰ੍ਹਾਂ ਕੱਟੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਸਰਕਾਰ ਦੀਆਂ ਗਲਤ ਆਰਥਕ ਨੀਤੀਆਂ ਕਾਰਨ ਹੀ ਉਮੀਦਵਾਰਾਂ ਨੇ ਭਾਜਪਾ ਨੂੰ ਝਟਕਾ                            ਦਿੰਦਿਆਂ ਸੰਕੇਤ ਦਿੱਤੇ ਹਨ ਕਿ ਕੇਂਦਰ ਨੂੰ ਆਪਣੀਆਂ ਨੀਤੀਆਂ 'ਚ ਸੁਧਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀ ਭਾਰੀ ਹਾਰ ਤੋਂ ਪਤਾ ਲੱਗਦਾ ਹੈ ਕਿ ਜਨਤਾ ਹੁਣ ਦੇਸ਼ 'ਚ ਬਦਲਾਅ ਚਾਹੁੰਦੀ ਹੈ। ਜਨਤਾ ਨੂੰ ਪਤਾ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਨੇ 6 ਮਹੀਨਿਆਂ ਦੌਰਾਨ ਬਦਲਾਅ ਲਿਆਉਣ ਲਈ ਚੰਗੇ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕਾਂਗਰਸ ਸਰਕਾਰ ਵਿਰੁੱਧ ਗਲਤ ਪ੍ਰਚਾਰ ਕੀਤਾ। ਇਨ੍ਹਾਂ ਪਾਰਟੀਆਂ ਨੇ ਵਿਧਾਨ ਸਭਾ ਚੋਣਾਂ 'ਚ ਜਨਤਾ ਵਲੋਂ ਦਿੱਤੇ ਗਏ ਫਤਵੇ ਦਾ ਵੀ ਸਨਮਾਨ ਨਹੀਂ ਕੀਤਾ ਅਤੇ ਥੋੜ੍ਹੇ ਸਮੇਂ 'ਚ ਹੀ ਕਾਂਗਰਸ ਸਰਕਾਰ 'ਤੇ ਸਿਆਸੀ ਵਾਰ ਸ਼ੁਰੂ ਕਰ ਦਿੱਤੇ ਸਨ ਜਿਸ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ, ਕਿਉਂਕਿ ਜਨਤਾ ਵੀ ਚਾਹੁੰਦੀ ਸੀ ਕਿ ਕਾਂਗਰਸ ਸਰਕਾਰ ਨੂੰ ਸਥਿਰ ਹੋਣ ਲਈ ਸਮਾਂ ਦਿੱਤਾ ਜਾਵੇ।
ਕਾਂਗਰਸ ਦੀ ਦੇਸ਼ 'ਚ ਵਾਪਸੀ ਦਾ ਸੰਕੇਤ, ਜਾਖੜ ਬਿਹਤਰ ਢੰਗ ਨਾਲ ਸੰਸਦ 'ਚ ਗੂੰਜਣਗੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਰੋਜ਼ਾਨਾ ਉਨ੍ਹਾਂ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਝੂਠੇ ਬਿਆਨ ਜਾਰੀ ਕਰਦੇ ਰਹੇ। ਕਿਸਾਨ ਕਰਜ਼ਾ ਮੁਆਫੀ ਮਾਮਲੇ ਨੂੰ ਲੈ ਕੇ ਵੀ ਅਕਾਲੀਆਂ ਨੇ ਉਨ੍ਹਾਂ ਦੀ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਕੀਤੀਆਂ। ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਨੂੰ ਆਰਥਕ ਤੌਰ 'ਤੇ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਅਤੇ ਜਨਤਾ ਦੇ ਚਿਹਰਿਆਂ 'ਤੇ ਖੁਸ਼ਹਾਲੀ ਲਿਆਉਣ ਲਈ ਹਰ ਸੰਭਵ ਕਦਮ ਚੁੱਕੇਗੀ। ਮੁੱਖ ਮੰਤਰੀ ਨੇ ਭਾਜਪਾ ਅਤੇ 'ਆਪ' ਵਲੋਂ ਜਾਖੜ 'ਤੇ ਨਿੱਜੀ ਹਮਲੇ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਜਾਖੜ ਨੂੰ ਬਾਹਰੀ ਉਮੀਦਵਾਰ ਕਿਹਾ ਗਿਆ ਜਦਕਿ ਜਨਤਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦਾ ਵਿਕਾਸ ਕਰਨਾ ਕਾਂਗਰਸ ਸਰਕਾਰ ਦੇ ਏਜੰਡੇ 'ਚ ਰਹੇਗਾ ਅਤੇ ਜਾਖੜ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਦੀ ਸੰਸਦ 'ਚ ਆਵਾਜ਼ ਸਿਰਫ ਜਾਖੜ ਹੀ ਬਿਹਤਰ ਢੰਗ ਨਾਲ ਉਠਾ ਸਕਦੇ ਹਨ। ਕਾਂਗਰਸ ਸਰਕਾਰ ਨੂੰ ਵੀ ਇਸ ਜਿੱਤ ਨਾਲ ਭਾਰੀ ਉਤਸ਼ਾਹ ਮਿਲੇਗਾ ਅਤੇ ਉਹ ਜੀਅ-ਜਾਨ ਨਾਲ ਜਨਤਾ ਦੇ ਕੰਮਾਂ 'ਚ ਜੁਟੇਗੀ। ਕੈਪਟਨ ਨੇ ਕਿਹਾ ਕਿ ਗੁਰਦਾਸਪੁਰ ਦੀ ਜਿੱਤ ਤੋਂ ਪਤਾ ਲੱਗਦਾ ਹੈ ਕਿ ਦੇਸ਼ 'ਚ ਕਾਂਗਰਸ ਮੁੜ ਸਿਆਸੀ ਲੀਹ 'ਤੇ ਵਾਪਸ ਆਈ ਹੈ। ਇਸ ਤੋਂ ਪਹਿਲਾਂ ਸਟੂਡੈਂਟ ਯੂਨੀਅਨ ਦੀਆਂ ਯੂਨੀਵਰਸਿਟੀਆਂ 'ਚ ਹੋਈਆਂ ਚੋਣਾਂ 'ਚ ਕਾਂਗਰਸ ਨਾਲ ਜੁੜੇ ਸੰਗਠਨਾਂ ਦੀ ਵਾਪਸੀ ਹੋਈ ਸੀ ਅਤੇ ਮਹਾਰਾਸ਼ਟਰ 'ਚ ਨੰਦੇੜ 'ਚ ਸਥਾਨਕ ਲੋਕਲ ਬਾਡੀਜ਼ ਚੋਣਾਂ 'ਚ ਵੀ ਕਾਂਗਰਸ ਦੀ ਜ਼ਬਰਦਸਤ ਵਾਪਸੀ ਹੋਈ ਸੀ।