ਧਰਨਾ ਲਾ ਕੇ ਰੋਕਿਆ ਅਧਿਕਾਰੀਅਾਂ ਦਾ ਰਾਹ

07/18/2018 1:11:12 AM

ਬਰਨਾਲਾ, (ਵਿਵੇਕ ਸਿੰਧਵਾਨੀ)– ਕਾਲਜਾਂ  ਵੱਲੋਂ  ਦਲਿਤ ਵਿਦਿਆਰਥੀਆਂ ਤੋਂ ਫੀਸਾਂ ਵਸੂਲੇ ਜਾਣ ਦਾ ਮਸਲਾ ਅੱਜ ਵੀ ਜਾਰੀ ਰਿਹਾ। ਕੱਲ ਜ਼ਿਲਾ ਭਲਾਈ ਅਫਸਰ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਾਲਜਾਂ ਨੂੰ ਦਲਿਤ  ਵਿਦਿਆਰਥੀਆਂ ਤੋਂ ਫੀਸ ਨਾ ਲੈਣ ਦੇ ਆਦੇਸ਼ ਜਾਰੀ ਕੀਤੇ ਸਨ ਪਰ ਇਥੋਂ ਦੇ ਐੱਸ. ਡੀ. ਕਾਲਜ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮਗਰੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਅਧਿਕਾਰੀਆਂ ਦਾ ਰਾਹ ਰੋਕੀ ਰੱਖਿਆ। ਇਸ ਮੌਕੇ ਬੋਲਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਜ਼ਿਲਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਕਮ ਲਾਗੂ ਨਾ ਕਰਵਾਏ ਜਾਣ ਕਾਰਨ ਵਿਦਿਆਰਥੀ ਖੱਜਲ-ਖੁਆਰ  ਹੋ ਰਹੇ ਹਨ। 
ਸਕਾਲਰਸ਼ਿਪ ਸਕੀਮ ਤਹਿਤ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ  ਜਾਣਗੇ : ਡੀ. ਸੀ.
ਇਸ ਮਗਰੋਂ ਡਿਪਟੀ ਕਮਿਸ਼ਨਰ ਬਰਨਾਲਾ ਨੇ ਗੱਲਬਾਤ ਵਿਚ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਉਚ ਅਧਿਕਾਰੀਆਂ ਨਾਲ ਗੱਲ ਹੋਈ ਹੈ, ਜਿਸ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਹਰ ਹਾਲ ’ਚ ਲਾਗੂ ਕਰਵਾਉਣ ਲਈ ਪਾਬੰਦ ਹੋਵੇਗਾ। ਜ਼ਿਲਾ ਪ੍ਰਸ਼ਾਸਨ ਨੂੰ ਇਕ ਦਿਨ ਦੇਣ ਦਾ ਫੈਸਲਾ ਕਰ ਕੇ ਧਰਨਾ ਚੁੱਕ ਲਿਆ ਗਿਆ ਪਰ 18 ਜੁਲਾਈ ਨੂੰ ਜ਼ਿਲਾ ਦਫ਼ਤਰ ਅੱਗੇ ਮੁਡ਼ ਇਕੱਠੇ ਹੋਣ ਦਾ ਐਲਾਨ ਕੀਤਾ ਗਿਆ। ਜੇ ਕੱਲ  ਨੂੰ ਬਿਨਾਂ ਫੀਸ ਦਾਖਲੇ ਨਹੀਂ ਹੁੰਦੇ ਤਾਂ ਜ਼ਿਲਾ ਦਫ਼ਤਰ ਅੱਗੇ ਧਰਨਾ ਜਾਰੀ ਰਹੇਗਾ।