ਕੈਦ ਕੰਧਾਂ ਵਿਚ ਹੋਈਆਂ 'ਕਿਲਕਾਰੀਆਂ'

02/08/2019 1:01:58 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਸੋਹਲ ਛਿੰਦੇ ਬੋਲ ਜਦੋਂ ਡਰ ਅਤੇ ਸਹਿਮ ਦੀਆਂ ਪਾਬੰਦੀਆਂ 'ਚ ਘੁੱਟੇ-ਵੱਟੇ ਜਾਂਦੇ ਹਨ ਤਾਂ ਸੱਤਾ ਦੀ ਜ਼ਮੀਨ ਤੋਂ ਉੱਡਦੇ ਨਾਅਰੇ-ਵਾਅਦੇ ਬੇਅਰਥ ਹੋ ਕੇ ਖਲਾਅ ਵਿਚ ਲਟਕਦੇ ਜਾਪਦੇ ਹਨ। ਗੋਲੀਆਂ ਦੀ ਆਵਾਜ਼, ਬਾਰੂਦ ਦੀ ਗਰਦ ਅਤੇ ਦਹਿਸ਼ਤ ਦੀ ਹਨੇਰੀ ਵਿਚ ਹਾਸਿਆਂ ਦੀ ਰੁੱਤ ਦਾ ਦਫਨ ਹੋ ਜਾਣਾ ਕਿਸੇ ਸਮਾਜ-ਮੁਲਕ ਲਈ ਬਦਕਿਸਮਤੀ ਦਾ ਅਜਿਹਾ ਕਲੰਕ ਹੁੰਦਾ ਹੈ, ਜਿਹੜਾ ਕਈ ਪੀੜ੍ਹੀਆਂ ਦੀ ਕਿਸਮਤ-ਰੇਖਾ ਨੂੰ ਧੁੰਦਲਾ ਕਰ ਜਾਂਦਾ ਹੈ। ਅਜਿਹੇ ਹਾਲਾਤ ਵਿਚ ਜੀਵਨ-ਡੋਰ ਨੂੰ ਸਲਾਮਤ ਰੱਖਣਾ ਹੀ ਇਨਸਾਨ ਲਈ ਪ੍ਰੀਖਿਆ ਦੀ ਘੜੀ ਸਾਬਤ ਹੋ ਜਾਂਦਾ ਹੈ, ਫਿਰ ਪਰਿਵਾਰ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਜਾਂ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਅੰਬਰ ਦੀ ਟਹਿਣੀ 'ਤੇ ਦੀਵਾ ਜਗਾਉਣ ਬਰਾਬਰ ਹੁੰਦਾ ਹੈ। 

ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਰੂਹ ਨੂੰ ਕਾਂਬਾ ਛੇੜਨ ਵਾਲੇ ਅਜਿਹੇ ਦਰਦਨਾਕ ਅਤੇ ਡਰਾਉਣੇ ਦ੍ਰਿਸ਼ ਵੇਖਣ ਨੂੰ ਮਿਲ ਜਾਂਦੇ ਹਨ, ਜਿੱਥੇ ਜ਼ਿੰਦਗੀ ਖੌਫ਼ ਦੀ ਬੁੱਕਲ ਵਿਚ ਸਹਿਮ ਦਾ ਪਹਿਰਾ ਹੰਢਾਉਣ ਲਈ ਮਜਬੂਰ ਪ੍ਰਤੀਤ ਹੁੰਦੀ ਹੈ। ਸਾਂਬਾ ਸੈਕਟਰ ਦੇ ਪਾਕਿਸਤਾਨ ਦੀ ਸਰਹੱਦ ਕੰਢੇ ਵੱਸੇ ਪਿੰਡ ਖੋਖਰ ਚੱਕ ਵਿਚ ਭੈਅਭੀਤ ਪਲਾਂ ਦੀ ਦਾਸਤਾਨ ਸੁਣਨ ਅਤੇ ਹਾਲਾਤ ਨੂੰ ਵੇਖਣ ਦਾ ਮੌਕਾ ਪਿਛਲੇ ਦਿਨੀਂ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ 494ਵੇਂ ਟਰੱਕ ਦੀ ਸਮੱਗਰੀ ਪੀੜਤ-ਸਰਹੱਦੀ ਪਰਿਵਾਰਾਂ ਤਕ ਪਹੁੰਚਾਉਣ ਲਈ ਗਈ ਸੀ। 

ਕਿਸਾਨਾਂ ਅਤੇ ਮਜ਼ਦੂਰਾਂ ਦਾ ਪਿੰਡ
ਖੋਖਰ ਚੱਕ ਛੋਟੇ-ਦਰਮਿਆਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਪਿੰਡ ਹੈ, ਜਿਥੋਂ ਦੇ ਲੋਕਾਂ ਨੂੰ ਹੱਡ-ਭੰਨਵੀਂ ਕਾਰ ਤੋਂ ਬਾਅਦ ਵੀ ਤਸੱਲੀਬਖਸ਼ ਢੰਗ ਨਾਲ ਰੁੱਖੀ-ਮਿੱਸੀ ਰੋਟੀ ਨਸੀਬ ਨਹੀਂ ਹੁੰਦੀ। ਪਿੰਡ ਦਾ ਕੋਈ ਵਿਰਲਾ ਵਿਅਕਤੀ ਹੀ ਸਰਕਾਰੀ ਜਾਂ ਗੈਰ-ਸਰਕਾਰੀ ਨੌਕਰੀ ਤਕ ਪਹੁੰਚ ਸਕਿਆ ਹੈ। ਬਾਕੀ ਸਭ ਲੋਕਾਂ ਦੀ ਘੜੀ ਦੀਆਂ ਸੂਈਆਂ ਰੋਜ਼ੀ-ਰੋਟੀ ਅਤੇ ਜਾਨ ਦੀ ਸਲਾਮਤੀ ਦੁਆਲੇ ਘੁੰਮਦੀਆਂ ਰਹਿੰਦੀਆਂ ਹਨ। 
ਪਿੰਡ ਦੇ ਘਰ ਬੇਸ਼ੱਕ ਪੱਕੇ ਹਨ ਪਰ ਗਲੀਆਂ-ਨਾਲੀਆਂ, ਸਫਾਈ ਅਤੇ ਸਹੂਲਤਾਂ ਦੇ ਪੱਖੋਂ ਸਭ ਕੁਝ 'ਕੱਚਾ' ਹੀ ਹੈ। ਪਾਣੀ ਦੀ ਸਮੱਸਿਆ, ਸਿੱਖਿਆ-ਸਿਹਤ ਸਹੂਲਤਾਂ ਦੀ ਸਮੱਸਿਆ ਅਤੇ ਸਭ ਤੋਂ ਵੱਡੀ ਸੁਰੱਖਿਆ ਦੀ ਸਮੱਸਿਆ। ਪਿੰਡ ਪਾਕਿਸਤਾਨੀ ਬੰਦੂਕਾਂ ਦੇ ਮੂੰਹ ਸਾਹਮਣੇ ਹੈ, ਜਿੱਥੇ ਕਦੇ ਵੀ ਮੋਰਟਾਰ ਵਰ੍ਹ ਜਾਂਦੇ ਹਨ। ਅਜਿਹੀ ਸਥਿਤੀ 'ਚ ਪਿੰਡ ਵਾਲਿਆਂ ਨੂੰ ਸੁਰੱਖਿਅਤ ਟਿਕਾਣਿਆਂ ਵੱਲ ਦੌੜਨਾ ਪੈਂਦਾ ਹੈ। ਇਹ ਕਵਾਇਦ ਕਾਫੀ ਮੁਸ਼ੱਕਤ ਵਾਲੀ, ਮਹਿੰਗੀ ਅਤੇ ਨੁਕਸਾਨਦਾਇਕ ਸਾਬਤ ਹੁੰਦੀ ਹੈ। ਕਈ ਵਾਰ ਪੁਰਸ਼ ਮੈਂਬਰ ਫਾਇਰਿੰਗ ਦੇ ਬਾਵਜੂਦ ਘਰਾਂ ਦੀ ਰਖਵਾਲੀ ਲਈ ਉਥੇ ਹੀ ਟਿਕੇ ਰਹਿੰਦੇ ਹਨ, ਜਦੋਂ ਕਿ ਔਰਤਾਂ ਅਤੇ ਬੱਚਿਆਂ ਨੂੰ ਦੂਰ-ਦੁਰਾਡੇ ਭੇਜ ਦਿੱਤਾ ਜਾਂਦਾ ਹੈ। ਕਈ-ਕਈ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਇਕ-ਦੂਜੇ ਤੋਂ ਵੱਖਰੇ ਹੀ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਪ੍ਰਭਾਵਿਤ ਹੁੰਦਾ ਹੈ। 

19 ਜਨਵਰੀ 2018 ਨੂੰ ਡਿੱਗੇ ਸਨ ਗੋਲੇ
ਪਿੰਡ ਦੇ ਵਿਅਕਤੀ ਰਣਜੀਤ ਸਿੰਘ ਦੀ ਲੱਤ ਵਿਚ ਗੋਲੇ ਦੇ ਛੱਰੇ ਲੱਗੇ ਸਨ ਅਤੇ ਉਹ ਹੁਣ ਤਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਉਸ ਦੀ ਮਦਦ ਲਈ ਸਰਕਾਰ ਅੱਗੇ ਨਹੀਂ ਆਈ ਅਤੇ ਉਸ ਨੂੰ ਉਸ ਦੇ ਹਾਲ 'ਤੇ ਛੱਡ ਦਿੱਤਾ ਗਿਆ।
ਰਣਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਇਕ ਸਾਲ ਪਹਿਲਾਂ ਅਰਥਾਤ 19 ਜਨਵਰੀ 2018 ਦੀ ਹੈ, ਜਦੋਂ ਪਿੰਡ 'ਤੇ 5 ਗੋਲੇ ਡਿੱਗੇ ਸਨ। ਇਕ ਗੋਲਾ ਉਸ ਤੋਂ ਥੋੜ੍ਹੀ ਦੂਰੀ 'ਤੇ ਡਿੱਗਿਆ, ਜਿਸ ਦੇ ਛੱਰੇ ਉਸ ਦੀ ਲੱਤ ਵਿਚ ਲੱਗ ਗਏ ਪਰ ਖੁਸ਼ਕਿਸਮਤੀ ਸੀ ਕਿ ਉਸ ਦੀ ਜਾਨ ਬਚ ਗਈ। ਉਸ ਕੋਲ ਆਪਣੀ 2 ਏਕੜ ਜ਼ਮੀਨ ਹੈ ਅਤੇ ਕੁਝ ਹੋਰ ਹਿੱਸੇ-ਠੇਕੇ 'ਤੇ ਲੈ ਕੇ ਉਹ ਘਰ ਦਾ ਤੋਰਾ ਤੋਰਦਾ ਹੈ। ਛੱਰੇ ਲੱਗਣ ਤੋਂ ਬਾਅਦ ਉਹ ਪਹਿਲਾਂ ਵਾਂਗ ਕੰਮ-ਕਾਰ ਨਹੀਂ ਕਰ ਸਕਦਾ ਅਤੇ ਉਸ ਲਈ ਘਰ ਦਾ ਗੁਜ਼ਾਰਾ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਨੂੰ ਉਹ ਕਿਸੇ ਚੰਗੇ ਸਕੂਲ 'ਚ ਪੜ੍ਹਾ ਵੀ ਨਹੀਂ ਸਕਦਾ। ਆਪਣੇ ਮਾਤਾ-ਪਿਤਾ ਦੀ ਦੇਖ-ਭਾਲ ਕਰਨਾ ਅਤੇ ਘਰ ਦੇ ਹੋਰ ਖਰਚੇ ਚਲਾਉਣਾ ਉਸ ਨੂੰ ਪਹਾੜ ਵਰਗਾ ਜਾਪ ਰਿਹਾ ਹੈ। 
ਪਿੰਡ ਵਿਚ ਸਿਰਫ ਰਣਜੀਤ ਸਿੰਘ ਹੀ ਨਹੀਂ ਸਗੋਂ ਹੋਰ ਕਈ ਵਿਅਕਤੀ ਵੀ ਅਜਿਹੇ ਹਨ, ਜਿਨ੍ਹਾਂ ਲਈ ਆਪਣਾ ਚੁੱਲ੍ਹਾ ਬਲਦਾ ਰੱਖਣਾ ਮੁਸ਼ਕਲ ਹੋ ਰਿਹਾ ਹੈ। ਕਾਰਨ ਇਹ ਹੈ ਕਿ ਸਥਾਨਕ ਪੱਧਰ 'ਤੇ ਮਜ਼ਦੂਰੀ ਤੋਂ ਇਲਾਵਾ ਰੋਜ਼ਗਾਰ ਦੇ ਕੋਈ ਮੌਕੇ ਨਹੀਂ ਹਨ ਅਤੇ ਨਾ ਹੀ ਲੋਕਾਂ ਕੋਲ ਕਮਾਈ ਦੇ ਆਪਣੇ ਸਾਧਨ ਹਨ। ਕਈ ਵਾਰ ਮਜਬੂਰੀ ਵਿਚ ਉਥੋਂ ਦੇ ਲੋਕਾਂ ਨੂੰ ਦੂਰ-ਦੁਰਾਡੇ ਸ਼ਹਿਰਾਂ 'ਚ ਜਾ ਕੇ ਰੋਜ਼ਗਾਰ ਦੇ ਮੌਕੇ ਤਲਾਸ਼ਣੇ ਪੈਂਦੇ ਹਨ ਪਰ ਇਸ ਲਈ ਆਪਣੇ ਪਰਿਵਾਰ ਤੋਂ ਦੂਰ ਹੋਣਾ  ਪੈਂਦਾ ਹੈ। 

ਘਰਾਂ 'ਚ ਡੱਕੇ ਜਾਂਦੇ ਹਨ ਬੱਚੇ
ਖੋਖਰ ਚੱਕ ਵਿਚ ਸਭ ਤੋਂ ਤਰਸਯੋਗ ਹਾਲਤ ਉਨ੍ਹਾਂ ਬੱਚਿਆਂ ਦੀ ਦੇਖਣ ਵਿਚ ਆਈ, ਜਿਨ੍ਹਾਂ ਨੂੰ ਤੋਤਲੀ ਉਮਰੇ ਹੀ ਪਾਬੰਦੀਆਂ ਦੀ ਵਲਗਣ ਵਿਚ ਬੱਝਣਾ ਪੈਂਦਾ ਹੈ। ਸੁਰੱਖਿਆ ਕਾਰਨਾਂ ਕਰਕੇ ਮਾਵਾਂ ਛੋਟੇ ਬੱਚਿਆਂ ਨੂੰ ਗਲੀ-ਮੁਹੱਲੇ ਵਿਚ ਵੀ ਖੇਡਣ ਜਾਣ ਦੀ ਇਜਾਜ਼ਤ ਨਹੀਂ ਦਿੰਦੀਆਂ। ਅਜਿਹੇ ਬੱਚੇ ਆਪਣੇ ਨੰਨ੍ਹੇ ਸਾਥੀਆਂ ਨਾਲ ਰਲ-ਮਿਲ ਕੇ ਖੇਡਣ ਅਤੇ ਕਿਲਕਾਰੀਆਂ ਮਾਰਨ ਤੋਂ ਵਾਂਝੇ ਹੋ ਗਏ ਹਨ। ਉਹ ਹਰ ਵੇਲੇ ਜਾਂ ਤਾਂ ਘਰ ਦੀ ਚਾਰਦੀਵਾਰੀ ਵਿਚ ਡੱਕੇ ਰਹਿੰਦੇ ਹਨ ਜਾਂ ਫਿਰ ਕੁਝ ਸਮਾਂ ਸਕੂਲ ਵਿਚ ਗੁਜ਼ਾਰਦੇ ਹਨ। 
ਇਹ ਇਕ ਅਜੀਬ ਤ੍ਰਾਸਦੀ ਹੈ ਕਿ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੇ ਕਾਲੇ ਪ੍ਰਛਾਵਿਆਂ ਨੇ ਮਾਸੂਮ ਬੱਚਿਆਂ ਦੀ ਹੱਸਣ-ਖੇਡਣ ਵਾਲੀ ਰੁੱਤ ਨੂੰ ਗ੍ਰਹਿਣ ਲਾ ਦਿੱਤਾ ਹੈ। ਉਹ ਮਾਵਾਂ ਅਤੇ ਦਾਦੀਆਂ ਦੀ ਗੋਦ ਨਾਲ ਬੱਝ ਕੇ ਰਹਿ ਗਏ ਹਨ। ਉਨ੍ਹਾਂ ਦੇ ਮਾਤਾ-ਪਿਤਾ ਅਜਿਹਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ, ਜਿਸ ਨਾਲ ਉਨ੍ਹਾਂ ਦੇ ਲਾਡਲਿਆਂ ਨੂੰ ਕੋਈ ਝਰੀਟ ਵੀ ਆਵੇ। ਇਸ ਸਭ ਨਾਲ ਬੱਚਿਆਂ ਦੀ ਉਹ ਆਜ਼ਾਦੀ ਅਤੇ ਖੁਸ਼ੀਆਂ-ਖੇੜਿਆਂ ਦਾ ਸਮਾਂ ਖੁੱਸ ਰਿਹਾ ਹੈ, ਜਿਹੜਾ ਉਨ੍ਹਾਂ ਨੂੰ ਫਿਰ ਕਦੀ ਨਹੀਂ ਮਿਲ ਸਕੇਗਾ। ਬਚਪਨ 'ਚੋਂ ਵਿਚਰ ਰਹੀ ਇਹ ਪੀੜ੍ਹੀ ਹੋਣੀ ਦਾ ਅਜੀਬੋ-ਗਰੀਬ ਸੰਤਾਪ ਹੰਢਾ ਰਹੀ ਹੈ। 

ਬੰਕਰਾਂ ਤੋਂ ਵੀ ਵਾਂਝਾ ਹੈ ਖੋਖਰ ਚੱਕ
ਕੁਝ ਸਰਹੱਦੀ ਪਿੰਡਾਂ ਵਿਚ ਸਰਕਾਰ ਵਲੋਂ ਸੁਰੱਖਿਆ ਦੇ ਨਜ਼ਰੀਏ ਤੋਂ ਬੰਕਰਾਂ ਦੀ ਉਸਾਰੀ ਵੀ ਕੀਤੀ ਗਈ ਹੈ ਪਰ ਖੋਖਰ ਚੱਕ ਇਸ ਸਹੂਲਤ ਤੋਂ ਵੀ ਵਾਂਝਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਹੜੇ ਪਿੰਡ ਸਰਹੱਦ ਤੋਂ ਇਕ ਕਿਲੋਮੀਟਰ ਦੀ ਦੂਰੀ ਤਕ ਸਥਿਤ ਹਨ, ਸਿਰਫ ਉਥੇ ਹੀ ਬੰਕਰਾਂ ਦੀ ਉਸਾਰੀ ਕੀਤੀ ਗਈ ਹੈ, ਜਦੋਂ ਕਿ ਜ਼ਿਆਦਾ ਦੂਰੀ 'ਤੇ ਸਥਿਤ ਪਿੰਡ ਇਸ ਤੋਂ ਵਾਂਝੇ ਹਨ।
ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨੀ ਸੈਨਿਕਾਂ ਵਲੋਂ ਪਹਿਲਾਂ ਬੰਦੂਕਾਂ ਨਾਲ ਹੀ ਫਾਇਰਿੰਗ ਕੀਤੀ ਜਾਂਦੀ ਸੀ, ਜਿਨ੍ਹਾਂ ਦੀ ਮਾਰ ਅੱਧਾ ਕਿਲੋਮੀਟਰ ਤਕ ਦੀ ਹੁੰਦੀ ਸੀ। ਹੁਣ ਪਾਕਿਸਤਾਨ ਵਲੋਂ ਮੋਰਟਾਰ ਦਾਗੇ ਜਾਂਦੇ ਹਨ ਜਾਂ ਸਨਾਈਪਰ ਰਾਈਫਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਹਥਿਆਰਾਂ ਦੀ ਮਾਰ 3-4 ਕਿਲੋਮੀਟਰ ਤਕ ਹੁੰਦੀ ਹੈ, ਇਸ ਲਈ ਦੂਰ-ਦੁਰਾਡੇ ਸਥਿਤ ਪਿੰਡ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਨਜ਼ਰੀਏ ਤੋਂ ਸਰਕਾਰ ਨੂੰ ਦੂਰੀ ਵਾਲੇ ਪਿੰਡਾਂ 'ਚ ਵੀ ਬੰਕਰਾਂ ਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।           (sandhu.js002@gmail.com)   94174-02347