ਬਿਜਲੀ ਮੰਤਰੀ ਨੇ 622 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ

08/21/2018 6:45:18 AM

ਬਠਿੰਡਾ, (ਬਲਵਿੰਦਰ)- ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇਥੇ 622 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ, ਜੋ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਏ ਸਨ।
ਇਸ ਮੌਕੇ ਕਾਂਗੜ ਨੇ ਕਿਹਾ ਕਿ ਘਰ-ਘਰ ਨੌਕਰੀ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਪਹਿਲਕਦਮੀ ਹੈ, ਜਿਸ ਤਹਿਤ ਉਨ੍ਹਾਂ ਸੂਬੇ ਦੇ ਹਰੇਕ ਘਰ ਵਿਚ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮ. ਵੱਲੋਂ ਪਹਿਲਾਂ ਹੀ 2800 ਸਹਾਇਕ ਲਾਈਨਮੈਨ, 300 ਜੂਨੀਅਰ ਇੰਜੀਨੀਅਰਾਂ ਤੇ 248 ਸਬ-ਸਟੇਸ਼ਨ ਸਹਾਇਕਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸੇਵਾਕਾਲ ਦੌਰਾਨ ਮਾਰੇ ਗਏ ਮੁਲਾਜ਼ਮਾਂ ਦੇ 698 ਵਾਰਸਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਹੈ। ਜਲਦੀ ਹੀ ਪੀ. ਐੱਸ. ਪੀ. ਸੀ. ਐੱਲ. ਵੱਲੋਂ 338 ਲੋਅਰ ਡਿਵੀਜ਼ਨ ਕਲਰਕਾਂ ਦੀ ਭਰਤੀ ਕੀਤੀ ਜਾਵੇਗੀ। 
ਉਨ੍ਹਾਂ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਮੁੱਖ ਪ੍ਰਬੰਧਕੀ ਨਿਰਦੇਸ਼ਕ ਇੰਜੀਨੀਅਰ ਬਲਦੇਵ ਸਿੰਘ ਸਰਾਂ, ਸਮੂਹ ਨਿਰਦੇਸ਼ਕ ਤੇ ਇੰਜੀਨੀਅਰ ਸਾਹਿਬਾਨ, ਵਿੱਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਸਮੂਹ ਕਰਮਚਾਰੀ ਇਸ ਲਈ ਵਧਾਈ ਦੇ ਪਾਤਰ ਹਨ।ਇਸ ਮੌਕੇ ਕਾਂਗਰਸੀ ਆਗੂ ਨਰਿੰਦਰ ਭਲੇਰੀਆ, ਆਰ. ਪੀ. ਪਾਂਡਵ ਡਾਇਰੈਕਟਰ (ਪ੍ਰਬੰਧਕੀ), ਇੰਜ. ਕੁਲਦੀਪ ਗਰਗ ਮੁੱਖ ਇੰਜੀਨੀਅਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ, ਲਖਵਿੰਦਰ ਸਿੰਘ ਮੁੱਖ ਇੰਜੀਨੀਅਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ, ਇੰਜ. ਭਗਵਾਨ ਸਿੰਘ ਮਠਾੜੂ ਮੁੱਖ ਇੰਜੀਨੀਅਰ/ਡੀ. ਐੱਸ. ਬਠਿੰਡਾ ਪੱਛਮੀ ਜ਼ੋਨ ਅਤੇ ਵੱਡੀ ਗਿਣਤੀ ਵਿਚ ਅਧਿਕਾਰੀ ਮੌਜੂਦ ਸਨ।