ਵ੍ਹੀਕਲ ''ਪਾਰਕਿੰਗ ਹਾਊਸ'' ਬਣਿਆ ਥਾਣਾ ਝਬਾਲ

01/24/2018 7:49:26 AM

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ)-  ਥਾਣਾ ਝਬਾਲ ਅੰਦਰ ਖੜੇ ਵ੍ਹੀਕਲਾਂ ਨੂੰ ਦੇਖਣ 'ਚ ਇਹ ਥਾਣਾ ਘੱਟ ਤੇ ਪ੍ਰਾਈਵੇਟ ਵ੍ਹੀਕਲ ਪਾਰਕਿੰਗ ਹਾਊਸ ਜ਼ਿਆਦਾ ਪ੍ਰਤੀਤ ਹੁੰਦਾ ਹੈ। ਇਥੇ ਹੀ ਬੱਸ ਨਹੀਂ ਥਾਣੇ ਦੀ ਚਾਰਦੀਵਾਰੀ ਦੇ ਬਾਹਰ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਥਾਣੇ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਸਰਹੱਦੀ ਖੇਤਰ ਅਤੇ ਜ਼ਿਲਾ ਤਰਨਤਾਰਨ ਦਾ ਅਹਿਮ ਮੰਨਿਆ ਜਾਂਦਾ ਇਹ ਥਾਣਾ ਆਪਣੀ ਸੁੰਦਰਤਾ ਅਤੇ ਸਫਾਈ ਨੂੰ ਵੀ ਠੇਂਗਾ ਦਿਖਾ ਰਿਹਾ ਹੈ, ਜਦ ਕਿ ਥਾਣੇ ਨੂੰ ਤਾਂ ਨਵੀਂ ਇਮਾਰਤ  ਨਸੀਬ ਹੋ ਗਈ ਹੈ ਪਰ ਕੰਪਲੈਕਸ ਦਾ ਕੱਚਾ ਵਿਹੜਾ ਤੇ ਥਾਣੇ ਅੰਦਰ ਉੱਗੀ ਘਾਹ, ਬੂਟੀ ਅਤੇ ਖੁੱਲ੍ਹੇਆਮ ਫਿਰ ਰਿਹਾ ਗੰਦਾ ਨਿਕਾਸੀ ਪਾਣੀ ਪੁਲਸ ਕਰਮਚਾਰੀਆਂ ਦੀ ਸਿਹਤ ਲਈ ਵੀ ਘਾਤਕ ਸਿੱਧ ਹੋ ਸਕਦਾ ਹੈ। 
ਥਾਣੇ ਅਧੀਨ ਜਿਥੇ 50 ਪਿੰਡਾਂ ਦੀ ਕਮਾਂਡ ਹੈ ਉਥੇ ਹੀ ਥਾਣੇ ਦੀ ਹਾਲਤ ਆਪਣੀ ਤ੍ਰਾਸਦੀ ਖੁਦ ਬਿਆਨ ਕਰ ਰਹੀ ਹੈ ਕਿਉਂਕਿ ਫਰਿਆਦੀਆਂ ਲਈ ਬੈਠਣ ਅਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਕੋਈ ਵੀ ਸਹੂਲਤ ਕਿਧਰੇ ਵੀ ਦਿਖਾਈ ਨਹੀਂ ਦਿੰਦੀ ਹੈ।
ਇਨ੍ਹਾਂ ਹਾਲਾਤ 'ਚ ਨਹੀਂ ਲੈ ਕੇ ਜਾਂਦੇ ਲੋਕ ਆਪਣੇ ਵ੍ਹੀਕਲ
ਥਾਣਿਆਂ 'ਚ ਭੰਡਾਰ ਹੋਏ ਅਜਿਹੇ ਵ੍ਹੀਕਲਾਂ ਦੇ ਮਾਮਲਿਆਂ ਦੀ ਜਦੋਂ ਘੋਖ ਕੀਤੀ ਗਈ ਤਾਂ ਕੁਝ ਇਹ ਪਹਿਲੂ ਸਾਹਮਣੇ ਆਏ ਕਿ ਕਈ ਮੋਟਰਸਾਈਕਲਾਂ ਦੇ ਪੁਲਸ ਵੱਲੋਂ ਚਲਾਨ ਕੱਟੇ ਗਏ ਹਨ ਪਰ ਉਹ ਚੋਰੀ ਦੇ ਨਿਕਲ ਆਏ ਹਨ। ਕਈ ਅਜਿਹੇ ਮੋਟਰਸਾਈਕਲ ਹਨ ਜਿਨ੍ਹਾਂ ਦੇ ਅਜੇ ਫੈਸਲੇ ਆਉਣੇ ਬਾਕੀ ਹਨ।