ਮੁਕੇਰੀਆਂ ਵਿਖੇ ਲੁਟੇਰਿਆਂ ਨੇ ਜਲੰਧਰ ਦੇ ਆੜ੍ਹਤੀ ਕੋਲੋਂ ਲੁੱਟਿਆ 3 ਲੱਖ ਤੇ ਕੀਮਤੀ ਸਾਮਾਨ

09/21/2017 6:35:28 PM

ਮੁਕੇਰੀਆਂ, (ਝਾਵਰ)— ਰਾਸ਼ਟਰੀ ਰਾਜ ਮਾਰਗ ਐਮਾ ਮਾਂਗਟ ਓਵਰ ਬ੍ਰਿਜ ਦੇ ਨਜ਼ਦੀਕ ਬੀਤੀ ਰਾਤ ਲਗਭਗ 8 ਵਜੇ 4 ਲੁਟੇਰਿਆਂ ਵਲੋਂ ਜਲੰਧਰ ਦੇ ਇਕ ਸਬਜ਼ੀ ਮੰਡੀ ਦੇ ਆੜ੍ਹਤੀ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਇੰਦਰ ਸੈਨ ਜਿਸ ਦੀ ਆੜ੍ਹਤ ਪ੍ਰਮੁੱਖ ਮੰਡੀ ਮਕਸੂਦਾਂ ਜਲੰਧਰ ਵਿਖੇ ਹੈ 'ਤੇ ਰਾਡਾਂ, ਬੇਸਬਾਲ ਨਾਲ ਹਮਲਾ ਕਰਕੇ ਉਸ ਤੋਂ ਲਗਭਗ 3 ਲੱਖ 80 ਹਜ਼ਾਰ ਰੁਪਏ ਦੇ ਚੈੱਕ ਹੋਰ ਕੀਮਤੀ ਕਾਗਜ਼ਾਤ ਲੁੱਟ ਲਏ ਜਾਣ ਅਤੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀ ਨੇ ਦੱਸਿਆ ਕਿ ਉਹ ਆਪਣੀ ਕਾਰ 'ਤੇ ਆਪਣੇ ਚਾਚੇ ਦੇ ਪੁੱਤਰ ਜਗਦੀਸ਼ ਕੁਮਾਰ ਨਾਲ ਮੁਕੇਰੀਆਂ ਤੋਂ ਜਲੰਧਰ ਆ ਰਿਹਾ ਸੀ, ਜਦੋਂ ਉਹ ਐਮਾ ਮਾਂਗਟ ਬੱਸ ਅੱਡਾ ਨੇੜੇ ਪੁੱਜੇ ਤਾਂ ਇਕ ਮਾਰੂਤੀ ਕਾਰ ਸਵਾਰ 3 ਨਕਾਬਪੋਸ਼ ਲੁਟੇਰਿਆਂ ਨੇ ਸਾਡੀ ਗੱਡੀ ਅੱਗੇ ਆਪਣੀ ਕਾਰ ਲਗਾ ਦਿੱਤੀ ਅਤੇ ਕਾਰ ਵਿਚੋਂ ਉਤਰ ਕੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਉਹ ਡਰਾਈਵਰ ਸੀਟ 'ਤੇ ਬੈਠਾ ਸੀ ਗੱਡੀ ਦਾ ਅਗਲਾ ਸ਼ੀਸ਼ਾ ਤੇ ਪਿਛਲਾ ਸ਼ੀਸ਼ਾ ਭੰਨ ਦਿੱਤਾ। ਉਹ ਸਾਡੇ ਕੋਲੋਂ ਖੋਹ ਮਾਰ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਕੁਝ ਸਮੇਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਰਾਤ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ, ਜੋ ਮੈਨੂੰ ਆਪਣੇ ਨਾਲ ਜਲੰਧਰ ਲੈ ਗਏ। 
ਇਸ ਲੁੱਟਖੋਹ ਦੇ ਸਬੰਧ 'ਚ ਥਾਣਾ ਮੁਕੇਰੀਆਂ ਅਤੇ ਦਸੂਹਾ ਪੁਲਸ ਪਹਿਲੇ ਇਹ ਫੈਸਲਾ ਨਹੀਂ ਕਰ ਸਕੀ ਕਿ ਇਹ ਇਲਾਕਾ ਕਿਸ ਥਾਣੇ ਅਧੀਨ ਹੈ ਬਾਅਦ 'ਚ ਪੁਲਸ ਅਧਿਕਾਰੀਆਂ ਦੇ ਕਹਿਣ 'ਤੇ ਇਸ ਲੁੱਟ ਖੋਹ ਦੀ ਜਾਂਚ ਮੁਕੇਰੀਆਂ ਥਾਣੇ ਨੂੰ ਸੌਂਪ ਦਿੱਤੀ ਗਈ। ਇਸ ਸਬੰਧੀ ਜਦੋਂ ਪੁਲਸ ਸਟੇਸ਼ਨ ਦੇ ਥਾਣਾ ਮੁਖੀ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੁੱਟ ਖੋਹ ਦਾ ਸ਼ਿਕਾਰ ਹੋਏ ਰਵਿੰਦਰ ਕੁਮਾਰ ਉਸ ਦਾ ਬਿਆਨ ਲੈਣ ਲਈ ਏ. ਐਸ. ਆਈ. ਮਹਿੰਦਰ ਸਿੰਘ 'ਤੇ ਪੁਲਸ ਪਾਰਟੀ ਨੂੰ ਜਲੰਧਰ ਭੇਜਿਆ ਹੈ ਇਸ ਤੋਂ ਬਾਅਦ ਕੇਸ ਦਰਜ ਕਰ ਦਿੱਤਾ ਜਾਵੇਗਾ। ਸੂਚਨਾ ਅਨੁਸਾਰ ਪੀੜ੍ਹਤ ਰਵਿੰਦਰ ਕੁਮਾਰ ਰਵੀ ਨੇ ਦੱਸਿਆ ਕਿ ਮੁਕੇਰੀਆਂ ਥਾਣੇ ਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਉਸ ਦੇ ਬਿਆਨ ਦਰਜ ਕਰਵਾ ਲਏ ਹਨ।