''ਸੁਖਜੀਤ ਆਸ਼ਰਮ'' ਦੇ ਮੇਨ ਗੇਟ ''ਤੇ ਲੱਗੇ ਗੰਦਗੀ ਦੇ ਢੇਰ

09/11/2017 6:34:48 AM

ਕਪੂਰਥਲਾ, (ਮੱਲ੍ਹੀ)- ਰੇਲਵੇ ਰੋਡ 'ਤੇ ਸਥਿਤ ਮੰਦ ਬੁੱਧੀ ਬੱਚਿਆਂ ਦੀ ਸਰਕਾਰੀ ਸੰਸਥਾ 'ਸੁਖਜੀਤ ਆਸ਼ਰਮ' ਦੇ ਮੇਨ ਗੇਟ 'ਤੇ ਲੱਗੇ ਗੰਦਗੀ ਦੇ ਢੇਰਾਂ 'ਤੇ ਆਪਣੀ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ 'ਕੋਸ਼ਿਸ਼' ਖੂਨਦਾਨ ਸਮਾਜ ਸੇਵੀ ਸੰਸਥਾ ਆਰ. ਸੀ. ਐੱਫ. ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੰਦਬੁੱਧੀ ਵਾਲੇ ਬੱਚਿਆਂ ਦੇ ਉਕਤ ਆਸ਼ਰਮ ਦੀ ਸਾਫ-ਸਫਾਈ ਦਾ ਧਿਆਨ ਰੱਖੇ ਪਰ ਅਸਲੀਅਤ ਇਹ ਹੈ ਕਿ ਰੇਲਵੇ ਰੋਡ 'ਤੇ ਵਸੀਆਂ ਗੈਰ ਕਾਨੂੰਨੀ ਝੁੱਗੀਆਂ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਵਲੋਂ ਆਸ਼ਰਮ ਦੇ ਮੇਨ ਗੇਟ 'ਤੇ ਕੂੜੇ ਤੇ ਗੰਦਗੀ ਦੇ ਢੇਰ ਲਗਾਏ ਗਏ ਹਨ ਜਿਸ ਨਾਲ ਆਸ਼ਰਮ 'ਚ ਰਹਿੰਦੇ ਮੰਦਬੁੱਧੀ ਵਾਲੇ ਬੱਚਿਆਂ ਨੂੰ ਭਿਆਨਕ ਬੀਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ।
'ਕੋਸ਼ਿਸ਼' ਖੂਨਦਾਨ ਸੰਸਥਾ ਦੇ ਆਗੂ ਸੁਖਬੀਰ ਸਿੰਘ, ਟੇਕ ਚੰਦ, ਪਰਮਜੀਤ ਸਿੰਘ ਤੇ ਜੀਤ ਸਿੰਘ ਦੀ ਹਾਜ਼ਰੀ ਦੌਰਾਨ ਹਰਪਾਲ ਸਿੰਘ ਨੇ ਕਿਹਾ ਕਿ ਆਸ਼ਰਮ ਦੇ ਤਿੰਨ-ਚਾਰ ਬੱਚੇ ਤਾਂ ਪਹਿਲਾਂ ਹੀ ਡੇਂਗੂ ਵਰਗੀਆਂ ਬੀਮਾਰੀਆਂ ਨਾਲ ਜੂਝਦੇ ਸਿਵਲ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਦੀ ਖੂਨ ਦੀ ਘਾਟ 'ਕੋਸ਼ਿਸ਼' ਵਲੋਂ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸ਼ਰਮ 'ਚ 1 ਚੌਕੀਦਾਰ, 1 ਕੁੱਕ ਹੈਲਪਰ ਤੇ ਸਥਾਈ ਸੁਪਰਡੈਂਟ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਤੁਰੰਤ ਐਕਸ਼ਨ ਲਵੇ। 
ਕੀ ਕਹਿੰਦੇ ਨੇ ਈ. ਓ. ਨਗਰ ਕੌਂਸਲ
ਮੰਦਬੁੱਧੀ ਬੱਚਿਆਂ ਦੇ ਸੁਖਜੀਤ ਆਸ਼ਰਮ ਸਾਹਮਣੇ ਮੇਨ ਗੇਟ 'ਤੇ ਲੱਗੇ ਕੂੜੇ ਦੇ ਢੇਰਾਂ ਨੂੰ ਤੁਰੰਤ ਚੱਕ ਲੈਣ ਦੀ ਗੱਲ ਕਰਦਿਆਂ ਨਗਰ ਕੌਂਸਲ ਦੇ ਈ.ਓ. ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ 'ਤੇ ਰੇਲਵੇ ਰੋਡ 'ਤੇ ਝੁੱਗੀਆਂ ਨੂੰ ਪਾਸੇ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਜਲਦ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਲੋਕਾਂ ਵਲੋਂ ਹੀ ਆਸ਼ਰਮ ਸਾਹਮਣੇ ਕੂੜਾ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਆਸ਼ਰਮ ਦੇ ਮੇਨ ਗੇਟ ਕੋਲ ਕੂੜਾਦਾਨ ਬਾਕਸ ਵੀ ਰੱਖਵਾ ਦਿੱਤਾ ਜਾਵੇਗਾ, ਜਿਸ ਨੂੰ ਨਗਰ ਕੌਂਸਲ ਵਲੋਂ ਹਫਤੇ 'ਚ 2-3 ਵਾਰ ਖਾਲੀ ਕਰਕੇ ਆਸ਼ਰਮ ਦੇ ਸਾਹਮਣੇ ਸਾਫ-ਸਫਾਈ ਕਰਨ ਨੂੰ ਪਹਿਲ ਦਿੱਤੀ ਜਾਵੇਗੀ।