ਫੋਨ ਦੀ ਘੰਟੀ ਵੱਜੀ ਤੇ ਟੈਕਸੀ ਵਾਲਾ ਬਣ ਗਿਆ ਕਰੋੜਪਤੀ

11/18/2017 7:26:42 AM

ਪਟਿਆਲਾ, (ਬਲਜਿੰਦਰ)- ਸ਼ਹਿਰ ਦੀ ਲਹਿਲ ਕਾਲੋਨੀ ਵਿਚ ਟੈਕਸੀ ਚਲਾਉਣ ਵਾਲਾ ਨਾਇਬ ਕੁਮਾਰ ਅੱਜ ਰੋਜ਼ਾਨਾ ਦੀ ਤਰ੍ਹਾਂ ਉੱਠਿਆ। ਸਵੇਰੇ 9 ਵਜੇ ਦੇ ਕਰੀਬ ਉਸ ਦੇ ਫੋਨ 'ਤੇ ਘੰਟੀ ਵੱਜੀ। ਦੱਸਿਆ ਗਿਆ ਕਿ ਉਸ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਪਹਿਲਾਂ ਤਾਂ ਉਸ ਨੂੰ ਸਮਝ ਨਹੀਂ ਆਇਆ। ਕੁਝ ਪਲਾਂ ਦੇ ਵਕਫੇ ਵਿਚ ਉਹ ਕਰੋੜਪਤੀ ਬਣ ਗਿਆ। ਉਸ ਨੂੰ ਅਜੇ ਤੱਕ ਵੀ ਇਹ ਸੁਪਨਾ ਹੀ ਲੱਗ ਰਿਹਾ ਹੈ। ਨਾਇਬ ਕੁਮਾਰ ਨੇÎ ਇਹ ਲਾਟਰੀ ਜੇ. ਐੈੱਮ. ਡੀ. ਲਾਟਰੀ ਏਜੰਸੀ ਆਰੀਆ ਸਮਾਜ ਚੌਕ ਦੀਵਾਨ ਲਾਟਰੀ ਵਾਲੇ ਤੋਂ ਖਰੀਦੀ ਸੀ। ਲਾਟਰੀ ਨਿਕਲਣ ਦੀ ਸੂਚਨਾ ਵੀ ਉਨ੍ਹਾਂ ਨੇ ਹੀ ਦਿੱਤੀ। ਨਾਇਬ ਦੀ ਉਮਰ ਲਗਭਗ 40 ਸਾਲ ਹੈ। ਉਸ ਦੀਆਂ 4 ਟੈਕਸੀਆਂ ਹਨ ਜਿਹੜੀਆਂ ਉਸ ਨੇ ਲੋਨ 'ਤੇ ਲਈਆਂ ਹੋਈਆਂ ਹਨ। ਇਨ੍ਹਾਂ ਵਿਚੋਂ ਇੱਕ ਟੈਕਸੀ ਉਹ ਖੁਦ ਵੀ ਚਲਾਉਂਦਾ ਹੈ।
ਨਾਇਬ ਕੁਮਾਰ ਬਚਪਨ ਤੋਂ ਹੀ ਮਿਹਨਤ ਕਰਦਾ ਆ ਰਿਹਾ ਹੈ। ਉਸ ਦੇ 4 ਬੱਚੇ ਹਨ। 2 ਲੜਕੀਆਂ ਤੇ 2 ਛੋਟੇ ਲੜਕੇ। ਇਨ੍ਹਾਂ ਵਿਚੋਂ ਇੱਕ ਬੇਟੀ ਨੇ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਹੈ। ਦੂਜੀ 10ਵੀਂ ਜਮਾਤ ਵਿਚ ਪੜ੍ਹ ਰਹੀ ਹੈ। ਨਾਇਬ ਕੁਮਾਰ ਇਸ ਨੂੰ ਪ੍ਰਮਾਤਮਾ ਦੀ ਕਿਰਪਾ ਮੰਨਦੇ ਹਨ। ਜੇ. ਐੱਮ. ਡੀ. ਲਾਟਰੀ ਦੇ ਮਾਲਕ ਨੂੰ ਟਿਕਟ ਸੌਂਪਣ ਤੋਂ ਬਾਅਦ ਪੱਤਰਕਾਰਾਂ ਗੱਲਬਾਤ ਕਰਦਿਆਂ ਨਾਇਬ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਲਗਾਤਾਰ ਲਾਟਰੀ ਪਾਉਂਦਾ ਆ ਰਿਹਾ ਹੈ। ਕਦੇ ਇਹ ਨਹੀਂ ਸੋਚਿਆ ਕਿ ਪਹਿਲਾਂ ਇਨਾਮ ਉਸ ਦਾ ਨਿਕਲੇਗਾ। ਕਰਜ਼ ਉਤਾਰਨ ਅਤੇ ਬੱਚੀਆਂ ਦੇ ਵਿਆਹ ਦੀ ਚਿੰਤਾ ਉਸ ਨੂੰ ਰਹਿੰਦੀ ਸੀ। ਪ੍ਰਮਾਤਮਾ ਨੇ ਅੱਜ ਸਾਰੀ ਦੂਰ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਲਾਟਰੀ ਦੇ ਮਿਲੇ ਪੈਸਿਆਂ ਤੋਂ ਉਹ ਟੈਕਸੀਆਂ ਦੇ ਕਰਜ਼ ਉਤਾਰੇਗਾ।  ਕੁਝ ਪਲਾਟ ਅਤੇ ਜ਼ਮੀਨ ਖਰੀਦਣ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਆਪਣੀਆਂ ਬੱਚੀਆਂ ਦੇ ਵਿਆਹ ਲਈ ਵੀ ਉਹ ਕੁਝ ਪੈਸਾ ਰੱਖਣਾ ਚਾਹੁੰਦਾ ਹੈ।