ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਕੀਤੀ ਨਾਅਰੇਬਾਜ਼ੀ

02/26/2018 12:51:47 AM

ਬਟਾਲਾ,  (ਖੋਖਰ)-  ਮੁਹੱਲਾ ਸ਼ਾਂਤੀ ਨਗਰ ਬਟਾਲਾ ਵਿਖੇ ਗਲੀ ਅਤੇ ਸੀਵਰੇਜ ਨਾ ਬਣਨ ਕਾਰਨ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ। 
ਇਸ ਸਬੰਧੀ ਮੁਹੱਲਾ ਨਿਵਾਸੀਆਂ ਅਮਰਜੀਤ ਸਿੰਘ ਤੇ ਇੰਸਪੈਕਟਰ ਜਨਕਰਾਜ ਨੇ ਦੱਸਿਆ ਕਿ ਮੀਂਹ ਦਾ ਪਾਣੀ ਸੜਕ 'ਤੇ ਖੜ੍ਹਾ ਹੁੰਦਾ ਹੈ ਤਾਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਥੋਂ ਦੀਆਂ ਗਲੀਆਂ ਤੇ ਨਾਲੀਆਂ ਵੀ ਕੱਚੀਆਂ ਹੋਣ ਕਾਰਨ ਸੜਕਾਂ 'ਤੇ ਚਿੱਕੜ ਫੈਲਿਆ ਹੋਇਆ ਹੈ। ਇਥੇ ਰਾਤ ਦੇ ਸਮੇਂ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਮੁਹੱਲੇ 'ਚ ਕਾਫੀ ਚੋਰੀਆਂ ਵੀ ਹੋ ਚੁੱਕੀਆਂ ਹਨ ਤੇ ਰਾਤ ਨੂੰ ਇਹ ਮੁਹੱਲਾ ਹਨੇਰੇ ਦੀ ਲਪੇਟ 'ਚ ਆ ਜਾਂਦਾ ਹੈ। 
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਗੰਦਗੀ ਫੈਲੀ ਹੋਈ ਹੈ, ਜਿਸ ਨਾਲ ਮੱਖੀਆਂ-ਮੱਛਰਾਂ ਦੇ ਪੈਦਾ ਹੋਣ ਦਾ ਵੀ ਡਰ ਹੈ। ਨਾਲੀਆਂ ਗੰਦ ਨਾਲ ਭਰੀਆਂ ਹੋਣ ਕਾਰਨ ਸੀਵਰੇਜ ਦਾ ਪਾਣੀ ਸੜਕ 'ਤੇ ਜਮ੍ਹਾ ਹੋ ਜਾਂਦਾ ਹੈ। ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਥੇ ਸਫਾਈ ਨਾ ਹੋਣ ਕਾਰਨ ਜੰਗਲੀ ਬੂਟੀ ਵੀ ਜੰਗਲ ਦਾ ਰੂਪ ਧਾਰਨ ਕਰੀ ਬੈਠੀ ਹੈ। ਉਨ੍ਹਾਂ ਅਫਸੋਸ ਨਾਲ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਦਫਤਰ 'ਚ ਹੀ ਬੈਠ ਕੇ ਚਲੇ ਜਾਂਦੇ ਹਨ ਅਤੇ ਮੁਹੱਲਿਆਂ 'ਚ ਕਦੇ ਵੀ ਫੇਰਾ ਪਾ ਕੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ।  
ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗਲੀਆਂ ਦੀ ਸਫਾਈ ਨਾ ਕਰਵਾਈ ਗਈ ਤਾਂ ਗਾਂਧੀ ਚੌਕ ਵਿਖੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। 
ਇਸ ਮੌਕੇ ਅਮਰਜੀਤ ਸਿੰਘ, ਗੁਰਮੀਤ ਕੌਰ, ਇੰਸਪੈਕਟਰ ਜਨਕਰਾਜ, ਬਲਵਿੰਦਰ ਕੌਰ, ਹਰਿੰਦਰ ਸਿੰਘ, ਗੁਰਮੇਲ, ਗੁਰਮੁੱਖ ਸਿੰਘ, ਰੁਘਬੀਰ ਸਿੰਘ, ਜਸਮੇਲ ਸਿੰਘ, ਤਰਸੇਮ, ਸਹਿਪਾਲ ਸਿੰਘ, ਸਰਬਜੀਤ ਸਿੰਘ, ਸ਼ਿਵਾ, ਦਲਵਿੰਦਰ ਕੁਮਾਰ, ਗੁਰਨਾਮ ਸਿੰਘ, ਵਿਜੇ, ਪ੍ਰਕਾਸ਼, ਤਰਲੋਕ ਸਿੰਘ ਆਦਿ ਹਾਜ਼ਰ ਸਨ।