ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਮਾਰਕੀਟ ਕਮੇਟੀ ਦਾ ਦਫਤਰ

09/22/2017 9:55:39 AM


ਫਤਿਹਗੜ੍ਹ ਪੰਜਤੂਰ (ਰੋਮੀ) - ਮਹਾਰਾਜਾ ਅਗਰਸੈਨ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਹਲਕਾ ਧਰਮਕੋਟ 'ਚ ਪੈਂਦੇ ਕਸਬਾ ਫਤਿਹਗੜ੍ਹ ਪੰਜਤੂਰ 'ਚ ਸਥਿਤ ਮਾਰਕੀਟ ਕਮੇਟੀ ਦਾ ਦਫਤਰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਅਤੇ ਕਮੇਟੀ ਮੁਲਾਜ਼ਮ ਦਫਤਰ ਵਿਚ ਕੰਮ ਕਰਦੇ ਹੋਏ ਦਿਖਾਈ ਦਿੱਤੇ।
ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਜਿੱਥੇ ਦਫਤਰ ਖੋਲ੍ਹਣਾ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ, ਉੱਥੇ ਹੀ ਦਫਤਰ ਵਿਚ ਛੁੱਟੀ ਵਾਲੇ ਦਿਨ ਮੁਲਾਜ਼ਮਾਂ ਵੱਲੋਂ ਕੰਮ ਕਰਨਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ।

ਇਸ ਸਬੰਧੀ ਜਦੋਂ 'ਜਗ ਬਾਣੀ' ਦੀ ਟੀਮ ਵੱਲੋਂ ਹਲਕੇ ਦੀਆਂ ਦੂਜੀਆਂ ਦੋਵਾਂ ਕਮੇਟੀਆਂ ਦੇ ਦਫਤਰ ਅੱਜ ਛੁੱਟੀ ਹੋਣ ਕਰ ਕੇ ਖੁੱਲ੍ਹੇ ਹਨ ਜਾਂ ਨਹੀਂ, ਇਸ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਮਾਰਕੀਟ ਕਮੇਟੀ ਧਰਮਕੋਟ ਦਾ ਦਫਤਰ ਅਤੇ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਦਫਤਰ ਵਿਚ ਕੋਈ ਵੀ ਮੁਲਾਜ਼ਮ ਛੁੱਟੀ ਹੋਣ ਕਰ ਕੇ ਨਹੀਂ ਆਇਆ ਅਤੇ ਦਫਤਰ ਬਿਲਕੁਲ ਬੰਦ ਸੀ।

ਕੀ ਕਹਿਣਾ ਹੈ ਸਕੱਤਰ ਦਾ : ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਸਕੱਤਰ ਜਗਰੂਪ ਸਿੰਘ ਨਾਲ ਫੋਨ 'ਤੇ ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਦਫਤਰ ਖੁੱਲ੍ਹਿਆ ਹੈ, ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ ਨੇੜੇ ਹੋਣ ਕਰ ਕੇ ਪੰਜਾਬ ਮੰਡੀ ਬੋਰਡ ਵੱਲੋਂ ਸਾਡੀਆਂ ਸਾਰੀਆਂ ਸਰਕਾਰੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਸੀਜ਼ਨ ਨੂੰ ਮੁੱਖ ਰੱਖਦਿਆਂ ਮੁਲਾਜ਼ਮਾਂ ਨੂੰ ਮਾਰਕੀਟ ਕਮੇਟੀ ਅਧੀਨ ਆਉਂਦੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਜਾ ਕੇ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਧਰਮਕੋਟ ਮਾਰਕੀਟ ਕਮੇਟੀ ਅਤੇ ਕੋਟ ਈਸੇ ਖਾਂ ਮਾਰਕੀਟ ਦੇ ਦਫਤਰ ਤਾਂ ਸਰਕਾਰੀ ਛੁੱਟੀ ਹੋਣ ਕਰ ਕੇ ਬੰਦ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਦਫਤਰਾਂ 'ਤੇ ਪੰਜਾਬ ਮੰਡੀ ਬੋਰਡ ਦੇ ਹੁਕਮ ਲਾਗੂ ਨਹੀਂ ਹੁੰਦੇ ਤਾਂ ਉਹ ਇਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਪੰਜਾਬ ਮੰਡੀ ਬੋਰਡ ਵੱਲੋਂ ਮੁਲਾਜ਼ਮਾਂ ਦੀਆਂ ਡਿਊਟੀਆਂ ਵੱਖ-ਵੱਖ ਖਰੀਦ ਸੈਂਟਰਾਂ ਵਿਚ ਜਾ ਕੇ ਖਰੀਦ ਪ੍ਰਬੰਧ ਮੁਕੰਮਲ ਕਰਨ ਲਈ ਲਾਈਆਂ ਗਈਆਂ ਹਨ ਤਾਂ ਫਿਰ ਮੁਲਾਜ਼ਮਾਂ ਦਾ ਦਫਤਰ ਵਿਚ ਬੈਠਣਾ ਕਿੰਨਾ ਕੁ ਜਾਇਜ਼ ਹੈ। ਇਸ ਬਾਰੇ ਜਦੋਂ ਜ਼ਿਲਾ ਮੰਡੀ ਅਫਸਰ ਨਾਲ ਫੋਨ 'ਤੇ ਗੱਲ ਕਰਨ ਲਈ ਸੰਪਰਕ ਕੀਤਾ ਗਿਆ ਤਾਂ ਛੁੱਟੀ ਹੋਣ ਕਰ ਕੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।