ਦੁਕਾਨਦਾਰਾਂ ਦੇ ਵਿਰੋਧ ਕਾਰਨ ਕਬਜ਼ੇ ਹਟਾਉਣ ਗਈ ਨਿਗਮ ਦੀ ਟੀਮ ਬੇਰੰਗ ਪਰਤੀ

12/06/2017 7:06:47 AM

ਪਠਾਨਕੋਟ, (ਸ਼ਾਰਦਾ)- ਦੇਰ ਸ਼ਾਮ ਪਠਾਨਕੋਟ ਦੇ ਵਾਲਮੀਕਿ ਤੇ ਗਾਂਧੀ ਚੌਕ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਗਈ ਨਗਰ ਨਿਗਮ ਦੀ ਟੀਮ ਨੂੰ ਸਥਾਨਕ ਦੁਕਾਨਦਾਰਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। 
ਵਰਣਨਯੋਗ ਹੈ ਕਿ ਪੁਲਸ ਤੇ ਨਿਗਮ ਵੱਲੋਂ ਕੁਝ ਦਿਨ ਪਹਿਲਾਂ ਵਾਲਮੀਕਿ ਚੌਕ ਤੋਂ ਲੈ ਕੇ ਡਾਕਖਾਨਾ ਚੌਕ ਤੱਕ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਨਿਗਮ ਵੱਲੋਂ ਸਮੇਂ-ਸਮੇਂ 'ਤੇ 'ਕਬਜ਼ੇ ਹਟਾਓ ਮੁਹਿੰਮ' ਚਲਾਈ ਗਈ। ਇਸੇ ਕੜੀ ਵਿਚ ਅੱਜ ਫਿਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਲਈ ਨਿਗਮ ਇੰਸਪੈਕਟਰ ਮਨਦੀਪ ਸਿੰਘ ਅਤੇ ਪੁਲਸ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਮੁਹਿੰਮ ਵਾਲਮੀਕਿ ਚੌਕ ਤੋਂ ਸ਼ੁਰੂ ਕੀਤੀ ਗਈ ਅਤੇ ਜਿਵੇਂ-ਜਿਵੇਂ ਨਿਗਮ ਕਰਮਚਾਰੀ ਦੁਕਾਨਦਾਰਾਂ ਨੂੰ ਸਾਮਾਨ ਹਟਾਉਣ ਲਈ ਕਹਿ ਰਹੇ ਸਨ ਤਾਂ ਦੁਕਾਨਦਾਰ ਆਪਣਾ-ਆਪਣਾ ਸਾਮਾਨ ਹਟਾਉਂਦੇ ਗਏ ਅਤੇ ਉਨ੍ਹਾਂ ਦੇ ਅੱਗੇ ਜਾਂਦੇ ਹੀ ਪਿੱਛੇ ਵਾਲੇ ਦੁਕਾਨਦਾਰਾਂ ਨੇ ਫਿਰ ਸਾਮਾਨ ਸਜਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖ ਕੇ ਅਗਲੇ  ਦੁਕਾਨਦਾਰ ਰੋਸ ਵਿਚ ਆ ਗਏ ਅਤੇ ਉਨ੍ਹਾਂ ਵਿਰੋਧ ਪ੍ਰਗਟਾਇਆ। ਦੁਕਾਨਦਾਰਾਂ ਵੱਲੋਂ ਕੀਤੇ ਗਏ ਵਿਰੋਧ ਕਾਰਨ ਨਿਗਮ ਅਤੇ ਪੁਲਸ ਕਰਮਚਾਰੀ ਮੁਹਿੰਮ ਨੂੰ ਵਿਚਕਾਰ ਛੱਡ ਕੇ ਵਾਪਸ ਚਲੇ ਗਏ।