''ਲਿਫਾਫੇ'' ''ਚੋਂ ਨਿਕਲੇਗਾ ਸ਼ਾਹੀ ਸ਼ਹਿਰ ਦਾ ਨਵਾਂ ਮੇਅਰ

01/19/2018 7:12:02 AM

ਪਟਿਆਲਾ, (ਜ. ਬ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਦੇ ਸ਼ਾਹੀ ਸ਼ਹਿਰ ਨੂੰ 23 ਜਨਵਰੀ ਨੂੰ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਨੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੌਂਸਲਰਾਂ ਨੂੰ ਸਹੁੰ ਡਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ ਵੱਲੋਂ ਚੁਕਵਾਈ ਜਾਵੇਗੀ। ਇਸ ਤੋਂ ਤੁਰੰਤ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। 
ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੇ ਸੈਕਸ਼ਨ 4 ਦੇ ਤਹਿਤ ਸਹੁੰ ਚੁੱਕ ਅਤੇ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਨਿਯਮਾਂ ਅਨੁਸਾਰ ਜਿਸ ਉਮੀਦਵਾਰ ਦੇ ਹੱਕ ਵਿਚ ਜ਼ਿਆਦਾ ਕੌਂਸਲਰ ਹੋਣਗੇ, ਉਸਨੇ ਹੀ ਮੇਅਰ ਬਣਨਾ ਹੁੰਦਾ ਹੈ ਪਰ ਪਾਰਟੀ ਸਿਸਟਮ ਹੋਣ ਕਾਰਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਜੋ ਲਿਫਾਫਾ ਭੇਜਿਆ ਜਾਵੇਗਾ, ਉਸ ਵਿਚੋਂ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਂ ਨਿਕਲਣਗੇ। ਜਾਣਕਾਰੀ ਅਨੁਸਾਰ ਕੌਂਸਲਰਾਂ ਦੀ ਨਬਜ਼ ਟਟੋਲਣ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਡਿਊਟੀ ਲਾਈ ਗਈ ਹੈ।
ਕੌਂਸਲਰਾਂ ਤੋਂ ਇਲਾਵਾ 3 ਵਿਧਾਇਕ ਵੀ ਹਨ ਨਗਰ ਨਿਗਮ ਦੇ ਮੈਂਬਰ
ਨਗਰ ਨਿਗਮ ਵਿਚ 60 ਕੌਂਸਲਰਾਂ ਤੋਂ ਇਲਾਵਾ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਸਰਕਾਰ ਵਿਚ ਨੰਬਰ 2 ਮੰਤਰੀ ਤੇ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਬ੍ਰਹਮ ਮਹਿੰਦਰਾ ਅਤੇ ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਗਰ ਨਿਗਮ ਦੀ ਜਨਰਲ ਹਾਊਸ ਦੇ ਐਕਸ ਆਫੀਸੀਓ ਮੈਂਬਰ ਹੋਣਗੇ। ਬਤੌਰ ਵਿਧਾਇਕ ਸ਼੍ਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹੇ ਹਨ। ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੀ ਇਕ-ਦੋ ਮੀਟਿੰਗਾਂ ਵਿਚ ਆਏ ਸਨ ਪਰ ਕੈ. ਅਮਰਿੰਦਰ ਸਿੰਘ ਨੇ ਕਦੇ ਵੀ ਜਨਰਲ ਹਾਊਸ ਦੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ। ਇਸ ਵਾਰ ਵੀ ਕੈ. ਅਮਰਿੰਦਰ ਸਿੰਘ ਜਨਰਲ ਹਾਊਸ ਦੀ ਮੀਟਿੰਗ ਵਿਚ ਸ਼ਾਇਦ ਹੀ ਸ਼ਿਰਕਤ ਕਰਨ ਪਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਹਰਿੰਦਰਪਾਲ ਚੰਦੁਮਾਜਰਾ ਦੇ ਮੀਟਿੰਗ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਹਨ। ਨਿਗਮ ਦੇ ਹਾਊਸ ਵਿਚ ਅਕਾਲੀ ਦਲ ਦਾ ਸਿਰਫ ਇਕ ਕੌਂਸਲਰ ਹੈ, ਇਸ ਲਈ ਹਰਿੰਦਰਪਾਲ ਚੰਦੂਮਾਜਰਾ ਸ਼ਾਇਦ ਹੀ ਪਹਿਲੀ ਮੀਟਿੰਗ ਵਿਚ ਸ਼ਿਰਕਤ ਕਰਨ। 
22 ਨੂੰ ਬੁਲਾਈ ਸਮੂਹ ਕੌਂਸਲਰਾਂ ਦੀ ਮੀਟਿੰਗ
ਸਹੁੰ ਚੁੱਕ ਸਮਾਗਮ ਅਤੇ ਮੇਅਰ ਦੀ ਚੋਣ ਤੋਂ ਠੀਕ ਇਕ ਦਿਨ ਪਹਿਲਾਂ ਪਟਿਆਲਾ ਨਗਰ ਨਿਗਮ ਚੋਣ ਦੇ ਇੰਚਾਰਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਾਂਗਰਸ ਦੇ ਸਮੂਹ 59 ਕੌਂਸਲਰਾਂ ਦੀ ਮੀਟਿੰਗ 22 ਜਨਵਰੀ ਨੂੰ ਸਵੇਰੇ 10 ਵਜੇ ਸਰਕਟ ਹਾਊਸ ਵਿਚ ਬੁਲਾ ਲਈ ਹੈ। ਉਹ ਮੇਅਰ ਦੀ ਚੋਣ ਸਬੰਧੀ ਇਕੱਲੇ-ਇਕੱਲੇ ਕੌਂਸਲਰ ਦਾ ਵਿਚਾਰ ਜਾਨਣਗੇ ਅਤੇ ਕਾਂਗਰਸ ਪਾਰਟੀ ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਸੰਦੇਸ਼ ਵੀ ਸਮੂਹ ਕੌਂਸਲਰਾਂ ਨੂੰ ਦੇਣਗੇ। ਸੂਤਰਾਂ ਅਨੁਸਾਰ ਕੌਂਸਲਰਾਂ ਦੀ ਨਬਜ਼ ਟਟੋਲਣ ਲਈ ਕੈਬਨਿਟ ਮੰਤਰੀ ਉਨ੍ਹਾਂ ਨਾਲ ਖੁੱਲ੍ਹੀ ਗੱਲਬਾਤ ਕਰਨਗੇ। ਸਮੂਹ ਕੌਂਸਲਰਾਂ ਤੋਂ ਉਨ੍ਹਾਂ ਦੇ ਵਿਚਾਰ ਜਾਨਣਗੇ। ਇਸ ਤੋਂ ਬਾਅਦ ਇਸ ਦੀ ਰਿਪੋਰਟ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਦੇਣਗੇ। 
ਆਡੀਟੋਰੀਅਮ 'ਚ ਹੋਵੇਗੀ ਪਹਿਲੀ ਵਾਰ ਚੋਣ
ਇਸ ਤੋਂ ਪਹਿਲਾਂ ਜਿੰਨੀ ਵਾਰ ਨਗਰ ਨਿਗਮ ਦੇ ਮੇਅਰਾਂ ਦੀ ਚੋਣ ਹੋਈ, ਉਹ ਮੀਟਿੰਗ ਹਾਲ ਵਿਚ ਹੀ ਹੋਈ। ਇਸ ਵਾਰ ਕੌਂਸਲਰਾਂ ਦੀ ਗਿਣਤੀ 50 ਤੋਂ ਵਧ ਕੇ 60 ਹੋ ਗਈ ਹੈ। ਲਿਹਾਜ਼ਾ ਇਹ ਚੋਣ ਪ੍ਰਕਿਰਿਆ ਨਿਗਮ ਦੇ ਵੱਡੇ ਆਡੀਟੋਰੀਅਮ ਵਿਚ ਹੋਵੇਗੀ। ਇਸ ਲਈ ਉਸਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। 
ਦਿੱਲੀ 'ਚ ਹੋਏ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਂ ਫਾਈਨਲ
ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਲੀ ਵਿਚ ਬੈਠ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਫਾਈਨਲ ਕਰ ਲਏ ਹਨ। ਮੇਅਰ ਬਣਾਉਣ ਦੀ ਸਮੁੱਚੀ ਕਮਾਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਦੇ ਹੱਥ ਵਿਚ ਹੈ। ਲਿਹਾਜ਼ਾ ਜਿਸ 'ਤੇ ਵੀ ਪ੍ਰਨੀਤ ਕੌਰ ਦਾ ਹੱਥ ਹੋਵੇਗਾ, ਉਹ ਮੇਅਰ ਬਣਨ ਵਿਚ ਸਫਲ ਰਹੇਗਾ।