ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨਾਲ ਮੁਕਾਬਲਾ ਕਰਨ ਦੀ ਲੋੜ : ਰਾਣਾ ਕੇ. ਪੀ. ਸਿੰਘ

04/16/2018 6:53:26 AM

ਲੁਧਿਆਣਾ  (ਰਿੰਕੂ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨਾਲ ਅੱਜ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਕਿ ਦੇਸ਼ ਦੀ ਅਨੇਕਤਾ 'ਚ ਏਕਤਾ ਵਾਲੇ ਵਜੂਦ ਨੂੰ ਬਣਾਈ ਰੱਖਿਆ ਜਾ ਸਕੇ। ਰਾਣਾ ਕੇ. ਪੀ. ਸਿੰਘ ਐਤਵਾਰ ਨੂੰ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਢੋਲੇਵਾਲ ਚੌਕ ਨੇੜੇ ਸਥਿਤ ਮਹਾਰਾਣਾ ਪ੍ਰਤਾਪ ਪਾਰਕ ਵਿਚ ਸਥਾਪਤ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਮੂਰਤੀ ਤੋਂ ਪਰਦਾ ਉਠਾਉਣ ਲਈ ਪਹੁੰਚੇ। ਇਸ ਮੌਕੇ ਐੱਮ. ਪੀ. ਰਵਨੀਤ ਬਿੱਟੂ, ਵਿਧਾਇਕ ਸੁਰਿੰਦਰ ਡਾਬਰ, ਗੁਰਦੇਵ ਅਨੰਦ ਅਤਰੀ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਿੰਪਲ ਰਾਣਾ, ਪ੍ਰਵਾਸੀ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਠਾਕੁਰ ਵਿਸ਼ਵਨਾਥ ਸਿੰਘ ਸਮੇਤ ਸਭਾ ਦੇ ਮੈਂਬਰ ਇਤਿਹਾਸਕ ਪਲਾਂ ਦੇ ਗਵਾਹ ਬਣੇ।
ਰਾਣਾ ਕੇ. ਪੀ. ਨੇ ਮਹਾਰਾਣਾ ਪ੍ਰਤਾਪ ਦੀ ਸੂਰਬੀਰਤਾ ਦੇ ਕਿੱਸਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਧਾਰਮਕ ਪ੍ਰੰਪਰਾਵਾਂ ਦੇ ਧਾਰਨੀ ਮਹਾਰਾਣਾ ਪ੍ਰਤਾਪ ਨੇ ਆਪਣੇ ਆਖਰੀ ਸਾਹ ਤੱਕ ਮੇਵਾੜ ਦੀ ਪਰਜਾ ਦੀ ਰੱਖਿਆ ਕਰ ਕੇ ਮੁਗਲਾਂ ਦਾ ਮੁਕਾਬਲਾ ਕਰਦੇ ਰਹੇ। ਪਰਿਵਾਰ ਤੋਂ ਵਧ-ਚੜ੍ਹ ਕੇ ਪਰਜਾ ਨੂੰ ਪ੍ਰੇਮ ਕਰਨ ਵਾਲੇ ਇਸ ਸੂਰਬੀਰ ਦੀ ਵੀਰਤਾ ਨੂੰ ਅਕਬਰ ਬਾਦਸ਼ਾਹ ਵੀ ਸਲਾਮ ਕਰਦੇ ਸਨ। ਇਸ ਦੌਰਾਨ ਵਿਧਾਨ ਸਭਾ ਸਪੀਕਰ ਨੇ ਮਹਾਰਾਣਾ ਰਾਜਪੂਤ ਸਭਾ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਐੱਮ. ਪੀ. ਬਿੱਟੂ, ਵਿਧਾਇਕ ਡਾਬਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਸਭਾ ਵੱਲੋਂ ਮਹਾਰਾਣਾ ਪ੍ਰਤਾਪ ਪਾਰਕ ਵਿਚ ਸਥਾਪਤ  ਮੂਰਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਭਾ ਦੀਆਂ ਕੋਸ਼ਿਸ਼ਾਂ ਤੇ ਯੂਥ ਵਰਗ ਨੂੰ ਦੇਸ਼ ਦੇ ਮਹਾਨ ਯੋਧਾ ਮਹਾਰਾਣਾ ਪ੍ਰਤਾਪ ਦੇ ਇਤਿਹਾਸ ਦੀ ਜਾਣਕਾਰੀ ਮਿਲਣ ਨਾਲ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਵਧੇਗੀ। ਡਿੰਪਲ ਰਾਣਾ ਨੇ ਸਮਾਰੋਹ 'ਚ ਪਹੁੰਚੇ ਰਾਣਾ ਕੇ. ਪੀ., ਐੱਮ. ਪੀ. ਬਿੱਟੂ, ਵਿਧਾਇਕ ਡਾਬਰ ਸਮੇਤ ਹੋਰ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਸਮੇਂ-ਸਮੇਂ 'ਤੇ ਕੀਤੀਆਂ ਜਾਣ ਵਾਲੀਆਂ ਸਮਾਜਕ ਤੇ ਧਾਰਮਕ ਸਰਗਰਮੀਆਂ ਦੀ ਜਾਣਕਾਰੀ ਦਿੱਤੀ। ਮਹਾਰਾਣਾ ਰਾਜਪੂਤ ਸਭਾ ਦੇ ਪ੍ਰਮੁੱਖ ਸੰਤ ਸਿੰਘ ਰਾਣਾ ਅਤੇ ਰਾਕੇਸ਼ ਮਿਨਹਾਸ ਨੇ ਮੌਜੂਦ ਜਨ ਸਮੂਹ ਨੂੰ ਮਹਾਰਾਣਾ ਪ੍ਰਤਾਪ ਨਕਸ਼ੇ ਕਦਮਾਂ 'ਤੇ ਚਲਦਿਆਂ ਦੇਸ਼-ਪ੍ਰਦੇਸ਼ ਦੇ ਵਿਕਾਸ ਲਈ ਸਮਰਪਿਤ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਾਣਾ ਰਣਜੀਤ ਸਿੰਘ, ਸੰਤ ਸਿੰਘ ਰਾਣਾ, ਰਾਣਾ ਰਣਬੀਰ ਸਿੰਘ, ਧਰਮਵੀਰ ਸਿੰਘ ਰਾਣਾ, ਰਾਕੇਸ਼ ਮਿਨਹਾਸ, ਇਕਬਾਲ ਸੋਨੂੰ, ਮੀਨੂ ਮਲਹੋਤਰਾ, ਰੋਸ਼ਨ ਪਾਲਾ, ਕਮਲ ਡਡਵਾਲ, ਗੌਤਮ ਪੁੰਡੀਰ, ਅਮਰਿੰਦਰ ਗੋਵਿੰਦ ਰਾਓ ਤੇ ਆਗੂ ਮੌਜੂਦ ਸਨ।