ਸਹੁਰੇ ਪਰਿਵਾਰ ਤੋਂ ਤੰਗ ਔਰਤ ਨੇ ਪੀਤੀ ਜ਼ਹਿਰੀਲੀ ਦਵਾਈ, ਮੌਤ

03/29/2018 7:02:04 AM

ਪੱਟੀ,   (ਬੇਅੰਤ, ਸੌਰਭ, ਪਾਠਕ, ਲਵਲੀ)-  ਸਹੁਰੇ ਪਰਿਵਾਰ ਦੀ ਕੁੱਟ-ਮਾਰ ਤੇ ਦਾਜ ਮੰਗਣ ਤੋਂ ਦੁਖੀ ਇਕ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। 
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਪੱਟੀ ਵਿਖੇ ਨਿਰਮਲ ਕੌਰ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਮੇਰੀ ਲੜਕੀ ਸਿਮਰਜੀਤ ਕੌਰ (25) ਸਾਲ ਦਾ ਵਿਆਹ ਕਰੀਬ 2 ਸਾਲ ਪਹਿਲਾਂ ਰਣਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਕੋਟਬੁੱਢਾ ਥਾਣਾ ਸਦਰ ਪੱਟੀ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸਦੇ ਘਰ ਇਕ ਲੜਕੀ ਨੇ ਜਨਮ ਲਿਆ। 
ਇਸ ਤੋਂ ਬਾਅਦ ਲੜਕੇ ਪਰਿਵਾਰ ਵੱਲੋਂ ਮੇਰੇ ਲੜਕੀ ਨੂੰ ਹੋਰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ ਤੇ ਉਸਦੀ ਕੁੱਟ-ਮਾਰ ਵੀ ਕੀਤੀ ਜਾਂਦੀ ਰਹੀ, ਜਿਸ ਤੋਂ ਦੁਖੀ ਹੋ ਕੇ ਮੇਰੀ ਲੜਕੀ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਬਾਰੇ ਮੇਰੀ ਲੜਕੀ ਦੀ ਸੱਸ ਨੇ ਸਾਨੂੰ ਫੋਨ ਕਰ ਕੇ ਦੱਸਿਆ ਸੀ। 
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਪੱਟੀ ਦੇ ਮੁਖੀ ਪ੍ਰੀਤਇੰਦਰ ਸਿੰਘ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਲੜਕੀ ਪਰਿਵਾਰ ਦੇ ਬਿਆਨਾਂ 'ਤੇ ਲੜਕੇ ਤੇ ਉਸ ਦੇ ਪਰਿਵਾਰ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News