ਵਿਦੇਸ਼ ਦੀ ਧਰਤੀ 'ਤੇ ਹੋਇਆ ਪੰਜਾਬੀ ਦਾ ਕਤਲ, ਪੁਲਸ ਨੇ ਦੋ ਦੋਸ਼ੀਆਂ ਨੂੰ ਲਿਆ ਹਿਰਾਸਤ 'ਚ

09/14/2017 3:45:50 PM

ਰੋਮ,(ਕੈਂਥ )—ਇਕ ਕਾਰ ਦੀ ਅੱਗ ਨੇ ਅਜਿਹਾ ਭਾਂਬੜ ਬਾਲਿਆ ਕਿ ਜਿਸ ਨੇ ਇਕ ਮਾਂ ਦਾ ਪੁੱਤ ਉਸ ਤੋਂ ਸਦਾ ਲਈ ਖੋਹ ਲਿਆ। ਐਤਵਾਰ ਦੀ ਰਾਤ ਨੂੰ ਤਕਰੀਬਨ 10 ਵਜੇ ਵੀਆ ਸਪਾਮਪਾਤੀ ਅਲ ਬਾਤੋਲੀਨੋ (ਪਾਲੋਸਕੋ) ਦੇ ਰਹਿਣ ਵਾਲੇ 22 ਸਾਲਾ ਅਮਨਦੀਪ ਸਿੰਘ ਨੂੰ ਕਾਰ ਨੂੰ ਅੱਗ ਲਗਾਉਣ ਦਾ ਦੋਸ਼ੀ ਸਮਝ ਕੇ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ। ਪੁਲਸ ਨੇ ਇਕ ਕਾਰ ਅਤੇ ਦੋ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ। ਕਾਰ ਮਾਲਕ ਨੂੰ ਸ਼ੱਕ ਸੀ ਕਿ ਉਸ ਦੀ ਕਾਰ ਨੂੰ ਅਮਨਦੀਪ ਨੇ ਹੀ ਅੱਗ ਲਗਾਈ ਹੈ।  ਇਸ ਹਾਦਸੇ ਨੂੰ ਅਜੇ ਪੁਲਿਸ ਵੱਲੋਂ ਭਾਰਤੀਆਂ ਦੇ ਗਰੁੱਪਾਂ ਵਿਚ ਪਹਿਲਾਂ ਤੋਂ ਚੱਲੀ ਆ ਰਹੀ ਲੜਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਹਿਲਾਂ ਅਮਨਦੀਪ ਬਾਰਤੋਲੀਨੀ ਵਿਚ ਇਕ ਕੋਰੀਅਰ ਤਹਿਤ ਕੰਮ ਕਰਦਾ ਸੀ, ਜਦਕਿ ਪਿਛਲੇ ਡੇਢ ਸਾਲ ਤੋਂ ਇਤਾਲਤਰਾਂਸ ਕਾਲਚੋ ਨਾਲ ਕੰਮ ਕਰ ਰਿਹਾ ਸੀ।


ਅਮਨਦੀਪ ਸਿੰਘ ਦੇ ਕਤਲ ਦੇ ਦੋਸ਼ੀ ਦੋ ਭਾਰਤੀਆਂ 28 ਸਾਲਾ ਬੀ. ਐਸ. ਅਤੇ 30 ਸਾਲਾ ਬਖਸ਼ੀਸ਼ ਸਿੰਘ ਨੂੰ ਇਟਲੀ ਦੀ ਪੁਲਸ ਯੂਨਿਟ ਕਾਰਾਬਿਨੇਰੀ ਨੇ ਤਰੇਵੀਲੀਓ ਵਿਖੇ ਹਿਰਾਸਤ 'ਚ ਲਿਆ ਹੈ। ਇਨ੍ਹਾਂ ਦੀ ਕਾਰ ਦੀ ਤਲਾਸ਼ੀ ਦੌਰਾਨ ਪੁਲਸ ਨੇ ਇਕ ਕੁਲਹਾੜੀ ਵੀ ਬਰਾਮਦ ਕੀਤੀ ਹੈ। ਫਿਲਹਾਲ ਦੋਸ਼ੀ ਬੈਰਗਾਮੋ ਦੀ ਜੇਲ੍ਹ ਵਿਚ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ। ਪੁੱਛ-ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਅਮਨਦੀਪ ਸਿੰਘ ਦਾ ਆਪਣੇ ਖਾਸ ਦੋਸਤਾਂ ਨਾਲ ਕਿਸੇ ਗੱਲ ਕਾਰਨ ਬਹੁਤ ਝਗੜਾ ਹੋਇਆ ਸੀ। ਉਨ੍ਹਾਂ ਵਿਚੋਂ ਇਕ ਭਾਰਤੀ ਨੌਜਵਾਨ ਪ੍ਰਿੰਸ ਸੀ, ਜਿਸ ਨੂੰ ਲੱਗਦਾ ਸੀ ਕਿ ਉਸ ਦੀ ਕਾਰ ਨੂੰ ਅਮਨਦੀਪ ਸਿੰਘ ਨੇ ਸਾੜਿਆ ਸੀ। 10 ਸਤੰਬਰ ਦੀ ਰਾਤ ਅਮਨਦੀਪ ਲਈ ਮੌਤ ਦਾ ਫੁਰਮਾਨ ਲੈ ਕੇ ਆਈ। ਰਾਤ ਦੇ ਤਕਰੀਬਨ 10 ਵਜੇ ਚਾਰ ਕਾਰਾਂ ਵਿਚ ਭਾਰਤੀ ਨੌਜਵਾਨ ਆਏ ਅਤੇ ਅਮਨਦੀਪ ਨਾਲ ਗਾਲੀ-ਗਲੋਚ ਹੋਇਆ। ਹਮਲਾਵਰ ਨੌਜਵਾਨ ਅਮਨਦੀਪ ਸਿੰਘ ਦੇ ਘਰ ਦੀ ਬਾਲਕੋਨੀ ਦੇ ਹੇਠਾਂ ਪਾਰਕ ਵਿਚ ਖੜ੍ਹੇ ਸਨ, ਜਦਕਿ ਅਮਨਦੀਪ ਆਪਣੇ ਘਰ ਦੀ ਬਾਲਕੋਨੀ ਵਿਚ ਖੜ੍ਹਾ ਸੀ। ਹੇਠਾਂ ਖੜ੍ਹੇ ਨੌਜਵਾਨਾਂ ਨੇ ਪਹਿਲਾਂ ਅਮਨਦੀਪ ਸਿੰਘ ਨਾਲ ਗਾਲੀ-ਗਲੌਚ ਕੀਤਾ ਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨੇੜਲੇ ਘਰਾਂ ਦੇ ਲੋਕਾਂ ਨੇ ਵੀ ਗੋਲੀਆਂ ਦੀ ਆਵਾਜ਼ ਸੁਣੀ, ਇਕ ਗੋਲੀ ਅਮਨਦੀਪ ਸਿੰਘ ਦੇ ਖੱਬੇ ਮੋਢੇ ਵਿਚ ਜਾ ਲੱਗੀ, ਜੋ ਕਿ ਦਿਲ ਦੇ ਬਹੁਤ ਨਜ਼ਦੀਕ ਵੱਜੀ ਸੀ। ਉਸ ਸਮੇਂ ਅਮਨਦੀਪ ਸਿੰਘ ਕੁਝ ਹੋਸ਼ ਵਿਚ ਸੀ ਤੇ ਉਸ ਨੇ ਖੁਦ ਹੀ ਮਦਦ ਲਈ ਹਸਪਤਾਲ ਨੂੰ ਫੋਨ ਕੀਤਾ, ਜਦਕਿ ਪਲਾਂ 'ਚ ਹੀ ਉਸ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ। ਹਸਪਤਾਲ ਪਹੁੰਚਣ ਤੱਕ ਅਮਨਦੀਪ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋ ਗਈ।