ਸ਼ਾਸਤਰੀ ਮਾਰਕਿਟ ਨੇੜੇ ਚੱਲੀ ਨਗਰ ਨਿਗਮ ਦੀ ਡਿੱਚ

06/22/2018 5:29:51 PM

ਜਲੰਧਰ (ਖੁਰਾਨਾ) — ਸ਼ਾਸਤਰੀ ਮਾਰਕਿਟ ਨੇੜੇ ਸਥਿਤ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਗਲੀ 'ਚ ਨਵੀਂ ਬਣ ਰਹੀ ਇਕ ਬਿਲਡਿੰਗ ਦੇ ਬਾਹਰ ਸ਼ਟਰਿੰਗ ਨੂੰ ਨਗਰ ਨਿਗਮ ਨੇ ਕਾਰਵਾਈ ਕਰਦੇ ਹੋਏ ਤੋੜ ਦਿੱਤਾ। ਜਾਣਕਾਰੀ ਮੁਤਾਬਕ ਰਿਹਾਇਸ਼ ਹੋਣ ਕਾਰਨ ਨਿਗਮ ਅਧਿਕਾਰੀਆਂ ਵਲੋਂ ਬਿਲਡਿੰਗ ਨਹੀਂ ਤੋੜੀ ਗਈ, ਉਸ ਦੇ ਅੱਗੇ ਲੱਗੀ ਸ਼ਟਰਿੰਗ ਤੇ ਪਿਲਰਾਂ ਨੂੰ ਤੋੜ ਦਿੱਤਾ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿਲਡਿੰਗ ਸੈਂਟ੍ਰਲ ਗਵਰਨਮੈਂਟ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣ ਰਹੀ ਸੀ। ਇਹ ਹਲਕਾ ਵਿਧਾਇਕ ਰਾਜਿੰਦਰ ਬੇਰੀ ਦੇ ਹਲਕੇ 'ਚ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਹਫਤੇ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਲਏ ਗਏ ਐਕਸ਼ਨ ਤੋਂ ਬਾਅਦ ਇਹ ਵੱਡੀ ਕਾਰਵਾਈ ਹੈ। ਨਗਰ ਨਿਗਮ ਵਲੋਂ ਪਿਛਲੇ ਹਫਤੇ ਵੀ ਗੈਰ ਕਾਨੂੰਨੀ ਨਿਰਮਾਣ ਤੇ ਗੈਰ-ਕਾਨੂੰਨੀ ਕਾਲੋਨੀਆਂ ਦੇ ਖਿਲਾਫ ਅਜਿਹੀ ਕਾਰਵਾਈ ਕੀਤੀ ਗਈ ਸੀ। ਨਿਗਮ ਵਲੋਂ ਵਿਧਾਇਕ ਪਰਗਟ ਸਿੰਘ ਦੇ ਹਲਕੇ 'ਚ ਕਈ ਗੈਰ ਕਾਨੂੰਨੀ ਬਿਲਡਿੰਗਾਂ 'ਤੇ ਨਿਗਮ ਦੀ ਡਿੱਚ ਚੱਲੀ ਸੀ, ਜਦ ਕਿ ਪੱਛਮੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੇ ਹਲਕੇ 'ਚ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੇ ਹੋਏ ਨਿਗਮ ਦੀਆਂ ਡਿੱਚ ਮਸ਼ੀਨਾਂ ਨੂੰ ਵਾਪਸ ਜਾਣ 'ਤੇ ਮਜ਼ਬੂਰ ਕਰ ਦਿੱਤਾ ਸੀ।