ਚਲਾਨ ਭੁਗਤਣ ਲਈ 7 ਮਹੀਨਿਆਂ ਤੋਂ ਖੱਜਲ ਹੋ ਰਿਹੈ ਮੋਟਰਸਾਈਕਲ ਚਾਲਕ

10/22/2017 4:19:17 AM

ਕਾਠਗੜ੍ਹ, (ਰਾਜੇਸ਼)- ਟ੍ਰੈਫਿਕ ਪੁਲਸ ਵੱਲੋਂ ਕੱਟੇ ਗਏ ਚਲਾਨ ਦਾ ਭੁਗਤਾਨ ਕਰਨ ਲਈ 7 ਮਹੀਨਿਆਂ ਤੋਂ ਇਕ ਵਿਅਕਤੀ ਖੱਜਲ-ਖੁਆਰ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਟੌਂਸਾ ਦੇ ਵਾਸੀ ਹੁਸਨ ਲਾਲ ਪੁੱਤਰ ਮੋਹਣ ਲਾਲ ਨੇ ਦੱਸਿਆ ਕਿ ਉਹ ਪਿੰਡ ਤੋਂ ਰੋਪੜ ਕਿਸੇ ਕੰਮ ਲਈ ਗਿਆ ਸੀ ਪਰ ਬੇਲਾ ਚੌਕ 'ਚ ਟ੍ਰੈਫਿਕ ਪੁਲਸ ਵੱਲੋਂ ਲਾਏ ਗਏ ਨਾਕੇ ਦੌਰਾਨ ਪੁਲਸ ਨੇ ਉਸ ਦਾ ਚਲਾਨ ਕੱਟ ਕੇ ਆਰ.ਸੀ. ਡੀ. ਟੀ. ਓ. ਦਫ਼ਤਰ ਰੋਪੜ 'ਚੋਂ ਲੈਣ ਲਈ ਕਿਹਾ। ਜਦੋਂ ਉਹ ਮਿੱਥੀ ਮਿਤੀ 'ਤੇ ਡੀ.ਟੀ.ਓ. ਦਫ਼ਤਰ ਰੋਪੜ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਉਸ ਦੀ ਆਰ. ਸੀ. ਹਾਲੇ ਇਸ ਦਫ਼ਤਰ 'ਚ ਨਹੀਂ ਆਈ। ਇਕ ਹਫ਼ਤੇ ਬਾਅਦ ਆਉਣਾ। ਜਦੋਂ ਉਹ ਮੁੜ ਇਕ ਹਫ਼ਤੇ ਬਾਅਦ ਗਿਆ ਤਾਂ ਫਿਰ ਉਹੀ ਜਵਾਬ ਸੀ। ਇਸ ਤਰ੍ਹਾਂ ਉਹ ਕਈ ਹਫ਼ਤੇ ਦਫ਼ਤਰ ਦੇ ਚੱਕਰ ਕੱਟਦਾ ਰਿਹਾ ਤੇ ਫਿਰ ਡੀ.ਟੀ.ਓ. ਦਫ਼ਤਰ ਵਾਲਿਆਂ ਨੇ ਉਸ ਨੂੰ ਲੋਕ ਅਦਾਲਤ 'ਚ ਜਾਣ ਲਈ ਕਿਹਾ। ਉਸ ਨੇ ਲੋਕ ਅਦਾਲਤ ਵੀ ਦੋ ਵਾਰ ਚੱਕਰ ਲਾਏ ਪਰ ਕੋਈ ਜਵਾਬ ਨਹੀਂ ਮਿਲਿਆ।
ਕਾਫੀ ਖੱਜਲ-ਖੁਆਰੀ ਤੋਂ ਬਾਅਦ ਥਾਣਾ ਸਿਟੀ ਜਾ ਕੇ ਆਰ. ਸੀ. ਦਾ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਰ. ਸੀ. ਚਲਾਨ ਲਈ ਭੇਜੀ ਹੋਈ ਹੈ। ਮੋਟਰਸਾਈਕਲ ਚਾਲਕ ਨੇ ਕਿਹਾ ਕਿ ਉਹ ਕਿਤੇ ਵੀ ਬਾਹਰ ਨਹੀਂ ਜਾ ਸਕਦਾ ਤੇ ਆਪਣੀ ਡਿਊਟੀ 'ਤੇ ਮੋਟਰਸਾਈਕਲ ਲਿਜਾਣ ਤੋਂ ਵੀ ਡਰਦਾ ਹੈ। ਆਰ. ਸੀ. ਤੋਂ ਬਿਨਾਂ ਉਸ ਦਾ ਮੋਟਰਸਾਈਕਲ ਕਬਾੜ ਦੀ ਤਰ੍ਹਾਂ ਹੈ। ਉਸ ਨੇ ਕਿਹਾ ਕਿ ਹੁਣ ਡੀ. ਟੀ. ਓ. ਦਫ਼ਤਰ ਬੰਦ ਹੋ ਗਏ ਹਨ ਤੇ ਆਰ. ਸੀ. ਨਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਹੈ। ਉਸ ਨੇ ਜ਼ਿਲਾ ਰੋਪੜ ਦੇ ਐੱਸ.ਐੱਚ.ਓ. ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰ. ਸੀ. ਦਾ ਪਤਾ ਲਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।