ਮਾਊਂਟ ਵਿਊ ਹੋਟਲ ''ਚ ਮਾਂ-ਧੀ ਨੇ ਕੀਤਾ ਹੰਗਾਮਾ, ਬੁਲਾਉਣੀ ਪਈ ਪੁਲਸ

03/07/2018 7:52:37 AM

ਚੰਡੀਗੜ (ਸੰਦੀਪ) - ਸੈਕਟਰ-10 ਸਥਿਤ ਮਾਊਂਟ ਵਿਊ ਹੋਟਲ 'ਚ ਮੰਗਲਵਾਰ ਸਵੇਰੇ ਬ੍ਰੇਕਫਾਸਟ ਪ੍ਰੋਸਣ ਦੀ ਗੱਲ ਤੋਂ ਇਥੇ ਆਈਆਂ ਮਾਂ-ਧੀ ਦੀ ਹੋਟਲ ਸਟਾਫ ਨਾਲ ਲੜਾਈ ਹੋ ਗਈ। ਮਾਮਲਾ ਇਸ ਹੱਦ ਤਕ ਵਧ ਗਿਆ ਕਿ ਦੋਵਾਂ ਨੇ ਇਥੇ ਜੰਮ ਕੇ ਹੰਗਾਮਾ ਕੀਤਾ। ਇਹੀ ਨਹੀਂ, ਦੋਵਾਂ ਨੇ ਇਥੇ ਰੱਖੀ ਕਰਾਕਰੀ ਤੋੜਦੇ ਹੋਏ ਇਥੇ ਸਟਾਫ ਨਾਲ ਧੱਕਾ-ਮੁੱਕੀ ਤਕ ਕਰ ਦਿੱਤੀ, ਜਿਸ ਤੋਂ ਬਾਅਦ ਹੋਟਲ ਸਟਾਫ ਲਗਾਤਾਰ ਦੋਵਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੰਗਾਮਾ ਇਸ ਹੱਦ ਤਕ ਵਧ ਗਿਆ ਕਿ ਹੋਟਲ ਸਟਾਫ ਨੂੰ ਪੁਲਸ ਬੁਲਾਉਣੀ ਪਈ। ਜਿਵੇਂ-ਤਿਵੇਂ ਪੁਲਸ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ ਤੇ ਹੋਟਲ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਦਾ ਮੈਡੀਕਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੂਸਰੇ ਮਹਿਮਾਨਾਂ ਦਾ ਬ੍ਰੇਕਫਾਸਟ ਖਾਣ ਤੋਂ ਰੋਕਿਆ ਤਾਂ ਵਿਗੜੀ ਗੱਲ
ਸੁਰੱਖਿਆ ਅਫਸਰ ਐੱਸ. ਪੀ. ਭਾਰਦਵਾਜ ਨੇ ਦੋਸ਼ ਲਾਏ ਹਨ ਕਿ ਮੰਗਲਵਾਰ ਸਵੇਰੇ 9:30 ਵਜੇ ਇਥੇ ਹੋਟਲ 'ਚ ਆਉਣ ਵਾਲੇ ਕੁਝ ਮਹਿਮਾਨਾਂ ਲਈ ਟੇਬਲ 'ਤੇ ਬ੍ਰੇਕਫਾਸਟ ਤਿਆਰ ਕਰਕੇ ਰੱਖਿਆ ਹੋਇਆ ਸੀ। ਜਿਨਾਂ ਲਈ ਇਹ ਤਿਆਰ ਕੀਤਾ ਗਿਆ ਸੀ ਉਹ ਆ ਹੀ ਰਹੇ ਸਨ ਕਿ ਇਸ ਦੌਰਾਨ ਸਵਾਤੀ ਤੇ ਉਸਦੀ ਮਾਂ ਹੋਟਲ 'ਚ ਆਈਆਂ ਤੇ ਉਨ੍ਹਾਂ ਆਪਣੇ ਬ੍ਰੇਕਫਾਸਟ ਲਈ ਪਰਾਂਠਿਆਂ ਦਾ ਆਰਡਰ ਕੀਤਾ। ਇਸ ਦੌਰਾਨ ਦੋਵਾਂ ਨੇ ਜਦੋਂ ਬ੍ਰੇਕਫਾਸਟ ਤਿਆਰ ਵੇਖਿਆ ਤਾਂ ਉਹ ਉਸਨੂੰ ਖਾਣ ਲਈ ਆਈਆਂ। ਇਸ 'ਤੇ ਉਥੇ ਤਾਇਨਾਤ ਹੋਟਲ ਸਟਾਫ ਨੇ ਉਨ੍ਹਾਂ ਨੂੰ ਰੋਕਦੇ ਹੋਏ ਕਿਹਾ ਕਿ ਇਹ ਖਾਣਾ ਇਥੇ ਆਉਣ ਵਾਲੇ ਕੁਝ ਮਹਿਮਾਨਾਂ ਲਈ ਤਿਆਰ ਕੀਤਾ ਗਿਆ ਹੈ।
ਹੋਟਲ ਸਟਾਫ ਨੇ ਜਦੋਂ ਉਨ੍ਹਾਂ ਨੂੰ ਇਹ ਗੱਲ ਕਹੀ ਤਾਂ ਉਹ ਨਾਰਾਜ਼ ਹੋ ਗਈਆਂ ਤੇ ਦੋਵਾਂ ਨੇ ਇਸ ਗੱਲ ਤੋਂ ਇਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਗੁੱਸਾ ਇਸ ਹੱਦ ਤਕ ਵਧ ਗਿਆ ਕਿ ਉਨ੍ਹਾਂ ਗੁੱਸੇ 'ਚ ਕਰਾਕਰੀ ਤਕ ਤੋੜ ਦਿੱਤੀ।
ਚੀਕ ਕੇ ਬੋਲੀ ਲੜਕੀ, ਵਕੀਲ ਹਾਂ ਮੈਂ
ਇਹ ਵੇਖ ਕੇ ਹੋਟਲ ਸਟਾਫ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਸੁਰੱਖਿਆ ਕਰਮਚਾਰੀ ਬਲਜਿੰਦਰ ਕੌਰ ਤੇ ਚੰਪਾ ਦੇਵੀ ਨੇ ਦੱਸਿਆ ਕਿ ਹੰਗਾਮਾ ਕਰ ਰਹੀਆਂ ਮਾਂ-ਧੀ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਬਜਾਏ ਰੁਕਣ ਦੇ ਉਨ੍ਹਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਮਹਿਲਾ ਸੁਰੱਖਿਆ ਕਰਮਚਾਰੀਆਂ ਨੇ ਮਾਮੂਲੀ ਸੱਟਾਂ ਲੱਗਣ ਦੀ ਗੱਲ ਵੀ ਕਹੀ। ਇਸ ਦੌਰਾਨ ਧੀ ਨੇ ਹੋਟਲ ਸਟਾਫ 'ਤੇ ਚੀਕਦੇ ਹੋਏ ਖੁਦ ਨੂੰ ਵਕੀਲ ਵੀ ਦੱਸਿਆ।