ਗਣਤੰਤਰ ਦਿਵਸ ਲਈ ਮਾਰਚ ਪਾਸਟ ਦੀਆਂ ਰਿਹਰਸਲਾਂ ਸ਼ੁਰੂ

01/19/2018 10:11:58 AM


ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਜ਼ਿਲਾ ਪ੍ਰਸ਼ਾਸਨ ਮੋਗਾ ਵੱਲੋਂ ਗਣਤੰਤਰ ਦਿਵਸ ਮਨਾਉਣ ਲਈ ਦਾਣਾ ਮੰਡੀ ਵਿਖੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹਰਸਲਾਂ ਸ਼ੁਰੂ ਕੀਤੀਆਂ ਗਈਆਂ। ਰਿਹਰਸਲਾਂ ਦੌਰਾਨ ਸੱਭਿਆਚਾਰਕ ਆਈਟਮਾਂ, ਪੀ. ਟੀ. ਸ਼ੋਅ ਆਦਿ 'ਤੇ ਨਜ਼ਰਸਾਨੀ ਕਰਦੇ ਹੋਏ ਸਬੰਧਤ ਅਧਿਆਪਕਾਂ ਨੂੰ ਰਹਿ ਗਈਆਂ ਛੋਟੀਆਂ-ਮੋਟੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ 24 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਸਬੰਧੀ ਸੱਭਿਆਚਾਰਕ ਪ੍ਰੋਗਰਾਮ, ਪੀ. ਟੀ. ਸ਼ੋਅ ਅਤੇ ਮਾਰਚ ਪਾਸਟ ਦੀ ਫੁੱਲ ਡਰੈੱਸ ਰਿਹਰਸਲ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਹੋਵੇਗੀ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫਸਰ ਤੇਜਾ ਸਿੰਘ, ਸਹਾਇਕ ਸਿੱਖਿਆ ਅਫਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ,ਸੁਖਜੀਵਨ ਕੌਰ ਬਰਾੜ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।  
ਬਾਘਾਪੁਰਾਣਾ ਤੋਂ ਰਾਕੇਸ਼ ਅਨੁਸਾਰ : ਗਣਤੰਤਰ ਦਿਵਸ ਦੇ ਪ੍ਰੋਗਰਾਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਉਪ ਮੰਡਲ ਮੈਜਿਸਟ੍ਰੇਟ ਅਮਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਹਿਸੀਲਦਾਰ ਰਮੇਸ਼ ਕੁਮਾਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਦੀ ਦੂਜੀ ਰਿਹਰਸਲ ਸਰਕਾਰੀ ਕੰਨਿਆ ਸਕੂਲ ਵਿਖੇ ਹੋਈ, ਜਿਸ ਦਾ ਵਿਸ਼ੇਸ਼ ਪ੍ਰਬੰਧ ਪ੍ਰਿੰਸੀਪਲ ਸੰਦੀਪ ਕੁਮਾਰੀ, ਪ੍ਰਿੰਸੀਪਲ ਜਗਰੂਪ ਸਿੰਘ ਸਰਕਾਰੀ ਸਕੂਲ ਲੜਕੇ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀਗਾਨ ਨਾਲ ਕੀਤੀ ਗਈ। ਪੀ. ਟੀ. ਸ਼ੋਅ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ।
ਤਹਿਸੀਲਦਾਰ ਰਮੇਸ਼ ਕੁਮਾਰ ਨੇ ਰਿਹਰਸਲ ਦੌਰਾਨ ਪੀ. ਟੀ. ਸ਼ੋਅ, ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਿਆਰੀ ਦਾ ਨਿਰੀਖਣ ਕੀਤਾ, ਜਿਸ 'ਚ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਸਮੇਂ ਅਮਰਜੀਤ ਸਿੰਘ, ਅਮਨਦੀਪ ਕੌਰ, ਪ੍ਰਦੀਪ ਕੁਮਾਰ, ਕੇਵਲ ਸਿੰਘ, ਹਰਦੀਪ ਕੁਮਾਰ, ਨਵਦੀਪ ਸ਼ਰਮਾ, ਹਰਮੇਸ਼ ਕੌਰ ਅਤੇ ਵੱਖ-ਵੱਖ ਸਕੂਲਾਂ ਦਾ ਸਟਾਫ ਹਾਜ਼ਰ ਸੀ। ਪ੍ਰਿੰਸੀਪਲ ਸੰਦੀਪ ਕੁਮਾਰੀ ਨੇ ਦੱਸਿਆ ਕਿ ਗਣਤੰਤਰ ਦਿਵਸ ਦੀ ਫਾਈਨਲ ਰਿਹਰਸਲ 24 ਜਨਵਰੀ ਨੂੰ ਮੇਨ ਅਨਾਜ ਮੰਡੀ ਵਿਖੇ ਹੋਵੇਗੀ।