ਪਟਾਖਿਆਂ ਦੀ ਵਿਕਰੀ ਲਈ ਡ੍ਰਾਅ ਰਾਹੀਂ ਜਾਰੀ ਕੀਤੇ ਗਏ ਲਾਇਸੰਸ

10/17/2017 12:59:13 AM

ਸ੍ਰੀ ਮੁਕਤਸਰ ਸਾਹਿਬ— ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸ਼ਾਮ 5 ਵਜੇ ਪਟਾਖਿਆਂ ਦੀ ਵਿਕਰੀ ਲਈ ਡ੍ਰਾਅ ਕੱਢੇ ਗਏ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਦੇਸ਼ਾਂ ਅਨੁਸਾਰ ਪਿੱਛਲੇ ਸਾਲ ਦੇ ਮੁਕਾਬਲੇ ਕੇਵਲ 20 ਫੀਸਦੀ ਲਾਇਸੰਸ ਹੀ ਪਟਾਖਿਆਂ ਦੀ ਵਿਕਰੀ ਲਈ ਦਿੱਤੇ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕੇਵਲ ਉਹੀ ਲੋਕ ਪਟਾਖਿਆਂ ਦੀ ਵਿਕਰੀ ਕਰ ਸਕਣਗੇ ਜਿੰਨਾਂ ਨੂੰ ਲਾਇਸੰਸ ਜਾਰੀ ਕੀਤੇ ਗਏ ਹਨ। ਪਟਾਖਿਆ ਦੀ ਵਿਕਰੀ ਲਈ ਥਾਂਵਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਤਰਾਂ ਪਟਾਖੇ ਚਲਾਉਣ ਲਈ ਵੀ ਮਾਣਯੋਗ ਹਾਈਕੋਰਟ ਵੱਲੋਂ ਸਮਾਂ ਨਿਰਧਾਰਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਕੇਵਲ ਦਿਵਾਲੀ ਵਾਲੇ ਦਿਨ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਹੀ ਪਟਾਖੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਅਤੇ ਜੇਕਰ ਇਸ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਪਟਾਖੇ ਚਲਾਏਗਾ ਤਾਂ ਅਜਿਹੇ ਵਿਅਕਤੀ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਮਾਣਯੋਗ ਅਦਾਲਤ ਵੱਲੋਂ ਪੁਲਿਸ ਨੂੰ ਦਿੱਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ: ਗੋਪਾਲ ਸਿੰਘ, ਏ.ਸੀ.ਯੁ.ਟੀ. ਮੈਡਮ ਕਨੂੰ ਗਰਗ ਵੀ ਹਾਜਰ ਸਨ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ: ਰਾਜਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਬਠਿੰਡਾ ਰੋਡ ਤੇ ਕੈਨਾਲ ਕਲੌਨੀ ਦੇ ਸਾਹਮਣੇ ਅਤੇ ਕੋਟਕਪੂਰਾ ਰੋਡ ਬਾਈਪਾਸ ਤੇ ਪਟਾਖਿਆਂ ਦੀ ਵਿਕਰੀ ਲਈ ਥਾਂ ਨਿਰਧਾਰਤ ਕੀਤੀ ਗਈ ਹੈ। ਬਰੀਵਾਲਾ ਅਤੇ ਲੱਖੇਵਾਲੀ ਵਿਖੇ ਸਰਕਾਰੀ ਸਕੂਲ ਵਿਖੇ ਅਤੇ ਮਲੋਟ ਵਿਖੇ ਪੁਡਾ ਕਲੌਨੀ ਵਿਖੇ ਪਟਾਖਿਆਂ ਦੀ ਵਿਕਰੀ ਲਈ ਥਾਂ ਨਿਰਧਾਰਤ ਕੀਤੀ ਗਈ ਹੈ। ਲੰਬੀ ਵਿਚ ਸਟੇਡੀਅਮ ਵਿਖੇ ਅਤੇ ਕਿਲਿਆਂ ਵਿਚ ਗੁਰੂ ਨਾਨਕ ਕਾਲਜ ਵਿਖੇ ਅਤੇ ਗਿੱਦੜਬਾਹਾ ਵਿਖੇ ਸਮਸਾਨਘਾਟ ਦੇ ਨਾਲ ਬਣੇ ਡੀਏਵੀ ਸਕੂਲ ਦੇ ਗਰਾਉਂਡ ਵਿਚ ਪਟਾਖਿਆਂ ਦੀ ਵਿਕਰੀ ਹੋ ਸਕੇਗੀ। ਇਸੇ ਤਰਾਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਟਾਖਿਆਂ ਦੀ ਵਿਕਰੀ ਲਈ 48, ਬਰੀਵਾਲਾ ਲਈ 7, ਲੱਖੇਵਾਲੀ ਲਈ 2, ਗਿੱਦੜਬਾਹਾ ਲਈ 35, ਮਲੋਟ ਲਈ 28 ਅਤੇ ਲੰਬੀ ਲਈ 3 ਅਰਜੀਆਂ ਪ੍ਰਾਪਤ ਹੋਈਆਂ ਅਤੇ ਮੌਕੇ ਤੇ ਹਾਜਰ ਬਿਨੈਕਾਰਾਂ ਦੀ ਹਾਜਰੀ ਵਿਚ ਡ੍ਰਾਅ ਰਾਹੀਂ ਚੋਣ ਕਰਕੇ ਲਾਇਸੰਸ ਜਾਰੀ ਕੀਤੇ ਗਏ। ਇਸ ਮੌਕੇ ਪ੍ਰਾਪਤ ਅਰਜੀਆਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਲਈ 10, ਬਰੀਵਾਲਾ ਲਈ 4, ਲੱਖੇਵਾਲੀ ਲਈ 2, ਗਿੱਦੜਬਾਹਾ ਲਈ 5, ਮਲੋਟ ਲਈ 6 ਅਤੇ ਲੰਬੀ ਲਈ 3 ਲਾਇਸੰਸਾਂ ਦੀ ਚੋਣ ਡ੍ਰਾਅ ਰਾਹੀਂ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਹਰੀ ਦਿਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਪਟਾਖੇ ਚਲਾਊਣ ਤੋਂ ਗੁਰੇਜ ਕਰਨ। ਉਨਾਂ ਨੇ ਕਿਹਾ ਕਿ ਪਟਾਖੇ ਚਲਾਊਣ ਨਾਲ ਹਵਾ ਅਤੇ ਸ਼ੋਰ ਪ੍ਰਦੂਸ਼ਨ ਹੁੰਦਾ ਹੈ।