ਪੰਚਾਇਤੀ ਜਗ੍ਹਾ ''ਤੇ ਡੇਰਾ ਬਣਾ ਕੇ ਬੈਠੇ ਬਾਬੇ ਤੋਂ ਛੁਡਵਾਇਆ ਕਬਜ਼ਾ

Saturday, May 05, 2018 - 02:55 AM (IST)

ਕਾਠਗੜ੍ਹ, (ਰਾਜੇਸ਼)- ਪਿੰਡ ਮਾਜਰਾ ਜੱਟਾਂ ਦੀ ਪੰਚਾਇਤੀ ਜਗ੍ਹਾ 'ਚ ਬੀਤੇ ਕਈ ਸਾਲਾਂ ਤੋਂ ਨਾਜਾਇਜ਼ ਤੌਰ 'ਤੇ ਡੇਰਾ ਬਣਾ ਕੇ ਰਹਿ ਰਹੇ ਇਕ ਬਾਬੇ ਤੋਂ ਪਿੰਡ ਦੀ ਪੰਚਾਇਤ ਨੇ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਛੁਡਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਚੌਰ ਬਲਾਕ ਦੇ ਬੀ.ਡੀ.ਪੀ.ਓ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਮਾਜਰਾ ਜੱਟਾਂ ਦੀ ਪੰਚਾਇਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਦੇ ਜੰਗਲ 'ਚ ਪਿਛਲੇ ਕਈ ਸਾਲਾਂ ਤੋਂ ਇਕ ਬਾਬਾ ਪੰਚਾਇਤੀ ਜਗ੍ਹਾ 'ਚ ਛੱਪਰ ਆਦਿ ਬਣਾ ਕੇ ਰਹਿ ਰਿਹਾ ਹੈ, ਜੋ ਪਿੰਡ ਵਾਸੀਆਂ ਨੂੰ ਜੰਗਲ ਵੱਲ ਜਾਣ ਸਮੇਂ ਚੰਗਾ ਮੰਦਾ ਬੋਲਦਾ ਸੀ ਤੇ ਕਈ ਵਾਰ ਤਾਂ ਕੁੱਟ-ਮਾਰ ਤੱਕ ਕਰ ਦਿੰਦਾ ਸੀ, ਜਿਸ ਸਬੰਧੀ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਦੱਸਿਆ ਸੀ।
ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ 'ਤੇ ਪੰਚਾਇਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਉਕਤ ਬਾਬੇ ਦੇ ਡੇਰੇ ਨੂੰ ਅੱਜ ਚੁਕਾਉਣ ਲਈ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਜੇ.ਸੀ.ਬੀ. ਨਾਲ ਡੇਰੇ 'ਚ ਬਣੇ ਛੱਪਰ ਨੂੰ ਢਾਹਿਆ ਤੇ ਉਸ ਦੇ ਸਾਮਾਨ ਨੂੰ ਚੁਕਵਾ ਦਿੱਤਾ। ਇਸ ਮੌਕੇ ਥਾਣਾ ਕਾਠਗੜ੍ਹ ਦੇ ਏ.ਐੱਸ.ਆਈ. ਜਰਨੈਲ ਸਿੰਘ ਤੇ ਹੰਸ ਰਾਜ ਨੇ ਬੜੀ ਸਮਝਦਾਰੀ ਤੋਂ ਕੰਮ ਲੈਂਦਿਆਂ ਮਾਹੌਲ ਨੂੰ ਸ਼ਾਂਤ ਰੱਖਿਆ। ਕਬਜ਼ਾ ਚੁਕਾਏ ਜਾਣ ਮੌਕੇ ਪਿੰਡ ਦੀ ਸਰਪੰਚ ਚਰਨਜੀਤ ਕੌਰ, ਸਾਬਕਾ ਸਰਪੰਚ ਸਰਦਾਰਾ ਸਿੰਘ, ਪੰਚ ਗੁਰਮੁੱਖ ਸਿੰਘ, ਗੁਰਮੀਤ ਸਿੰਘ ਪੰਚ, ਬਲਜੀਤ ਕੌਰ ਪੰਚ, ਜੋਗਿੰਦਰ ਸਿੰਘ ਪੰਚ, ਗੁਰਮੀਤ ਪੰਚ, ਜਸਵੰਤ ਸਿੰਘ, ਦਲੇਰ ਸਿੰਘ, ਕੁਲਦੀਪ ਸਿੰਘ, ਮੱਖਣ ਸਿੰਘ, ਆਤਮਾ ਸਿੰਘ, ਮਨਜਿੰਦਰ ਸਿੰਘ ਤੇ ਹੋਰ ਪਿੰਡ ਵਾਸੀਆਂ ਤੋਂ ਇਲਾਵਾ ਧਰਮ ਚੰਦ ਹੌਲਦਾਰ, ਸੁਖਦੇਵ ਰਾਜ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।
ਨੌਜਵਾਨ ਨੂੰ ਕੁੱਟਣ ਕਾਰਨ ਭਖਿਆ ਮਾਮਲਾ : ਵੈਸੇ ਤਾਂ ਬਾਬੇ ਵੱਲੋਂ ਪਹਿਲਾਂ ਵੀ ਕਈਆਂ ਨਾਲ ਕੁੱਟ-ਮਾਰ ਤੇ ਬਦਸਲੂਕੀ ਕੀਤੀ ਗਈ ਸੀ, ਜਿਸ ਨੂੰ ਕਈ ਵਾਰ ਪਿੰਡ ਵਾਸੀਆਂ ਨੇ ਸਮਝਾਇਆ ਵੀ ਸੀ ਪਰ ਕੁਝ ਮਹੀਨੇ ਪਹਿਲਾਂ ਪਿੰਡ ਦੇ ਇਕ ਨੌਜਵਾਨ, ਜੋ ਘਰ ਲਈ ਰੇਤ ਆਦਿ ਲੈਣ ਲਈ ਟਰੈਕਟਰ-ਟਰਾਲੀ ਲੈ ਕੇ ਗਿਆ ਸੀ ਤਾਂ ਉਕਤ ਬਾਬੇ ਨੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਨੂੰ ਲੈ ਕੇ ਪਿੰਡ ਵਾਸੀਆਂ 'ਚ ਰੋਸ ਸੀ ਤੇ ਉਨ੍ਹਾਂ ਬਾਬੇ ਦੇ ਡੇਰੇ ਨੂੰ ਚੁਕਾਉਣ ਦਾ ਮਨ ਬਣਾ ਲਿਆ ਸੀ, ਜਿਸ ਨੂੰ ਅੱਜ ਕਾਨੂੰਨ ਦੀ ਮਦਦ ਨਾਲ ਚੁਕਵਾਇਆ ਗਿਆ।


Related News