ਜਿਪਸਮ ਦੇ ਡੰਪ ਨੂੰ ਲੈ ਕੇ ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਤੇ ਟਰਾਂਸਪੋਰਟਰ ਆਹਮੋ-ਸਾਹਮਣੇ

04/16/2018 1:45:41 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕੁਝ ਟਰਾਂਸਪੋਰਟਰਾਂ ਵੱਲੋਂ ਸਰਸਾ ਨਦੀ ਨੇੜੇ ਖੋਲ੍ਹੇ ਪਾਕਿਸਤਾਨੀ ਪੱਥਰ (ਲਾਲ ਤੇ ਚਿੱਟੀ ਮਿੱਟੀ) ਦੇ ਡੰਪ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਅਤੇ ਟਰਾਂਸਪੋਰਟਰਾਂ ਵਿਚਾਲੇ ਵਿਵਾਦ ਪੈਦਾ ਹੋ ਗਿਆ ਹੈ। ਟਰਾਂਸਪੋਰਟਰਾਂ ਨੇ ਟਰਾਂਸਪੋਰਟ ਸੋਸਾਇਟੀ 'ਤੇ ਉਨ੍ਹਾਂ ਦਾ ਕਾਰੋਬਾਰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। 
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟਰ ਹਰਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਉਹ ਆਪਣੀ ਟਰਾਂਸਪੋਰਟ ਰਾਹੀਂ ਹਿਮਾਚਲ ਪ੍ਰਦੇਸ਼ ਦੀ ਸੀਮੈਂਟ ਕੰਪਨੀ ਨੂੰ ਪਾਕਿਸਤਾਨੀ ਪੱਥਰ ਸਪਲਾਈ ਕਰਨ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਆਪਣਾ ਕੰਮ ਕਰਨ ਲਈ ਸਬੰਧਤ ਮਹਿਕਮਿਆਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਹਨ। 
ਜਿਸ ਜਗ੍ਹਾ ਉਨ੍ਹਾਂ ਦੀ ਜ਼ਮੀਨ ਸਥਿਤ ਹੈ, ਉਹ ਜਗ੍ਹਾ ਕ੍ਰਸ਼ਰ ਜ਼ੋਨ ਵਿਚ ਪੈਂਦੀ ਹੈ, ਇਸ ਲਈ ਉਨ੍ਹਾਂ ਦੇ ਕਾਰੋਬਾਰ ਨਾਲ ਨੇੜਲੇ ਕਿਸੇ ਵੀ ਪਿੰਡ ਨੂੰ ਕਿਸੇ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕੋਲ ਪ੍ਰਦੂਸ਼ਣ ਵਿਭਾਗ ਦੀ ਵੀ ਮਨਜ਼ੂਰੀ ਹੈ ਅਤੇ ਸਬੰਧਤ ਪਿੰਡ ਮੰਗੂਵਾਲ ਦੀਵਾੜੀ ਦੇ ਨੰਬਰਦਾਰ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਵੀ ਉਨ੍ਹਾਂ ਦੇ ਕਾਰੋਬਾਰ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ। 
ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਉਨ੍ਹਾਂ ਕੋਲ ਆ ਕੇ ਉਨ੍ਹਾਂ ਨੂੰ ਇਹ ਕਹਿੰਦਿਆਂ ਹੋਇਆਂ ਕੰਮ ਕਰਨ ਤੋਂ ਰੋਕ ਰਹੇ ਹਨ ਕਿ ਇਹ ਏਰੀਆ ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਜਿਸ ਕਰ ਕੇ ਇਸ ਜਗ੍ਹਾ 'ਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੰਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਵਾਲੇ ਵਿਅਕਤੀਆਂ ਨੂੰ ਰੋਕਿਆ ਜਾਵੇ। ਉਧਰ, ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੋ ਜਾਣ ਕਾਰਨ ਸੋਸਾਇਟੀ ਦੇ ਲਾਏ ਗਏ ਪ੍ਰਬੰਧਕ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਸਲੇ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। 
ਇਹ ਪਿੰਡ ਸੋਸਾਇਟੀ ਦਾ ਹੀ ਹਿੱਸਾ ਹਨ : ਮੈਂਬਰ
ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਦੇ ਆਰਜ਼ੀ ਕੰਮ ਚਲਾਉਣ ਲਈ ਬਣਾਈ ਗਈ ਕਮੇਟੀ ਦੇ ਅੱਠ ਮੈਂਬਰਾਂ ਹਰਬੰਸ ਲਾਲ ਮਹਿੰਦਲੀ, ਨਰਿੰਦਰ ਪੁਰੀ, ਸਵੀਟੀ ਕੌੜਾ, ਰਜਿੰਦਰ ਸਿੰਘ ਰਾਣਾ, ਬਲਵੀਰ ਸਿੰਘ ਭੀਰੀ, ਚੈਨ ਸਿੰਘ ਰਾਣਾ, ਮਾਨ ਸਿੰਘ, ਦੇਸ ਰਾਜ ਨੇ ਕਿਹਾ ਕਿ ਸਾਡੀ ਸੋਸਾਇਟੀ ਵਿਚ ਭਰਤਗੜ੍ਹ ਏਰੀਏ ਦੇ ਪਿੰਡਾਂ ਦੇ ਟਰੱਕ ਵੀ ਚੱਲ ਰਹੇ ਹਨ। ਪਹਿਲਾਂ ਭਰਤਗੜ੍ਹ ਦੇ ਚਾਰ-ਪੰਜ ਪਿੰਡ ਵਿਧਾਨ ਸਭਾ ਹਲਕਾ ਰੋਪੜ ਵਿਚ ਪੈਂਦੇ ਸਨ। ਜਦੋਂ ਦਾ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਬਣਿਆ ਹੈ, ਉਸ ਸਮੇਂ ਤੋਂ ਉਕਤ ਪਿੰਡ ਇਸ ਹਲਕੇ ਵਿਚ ਸ਼ਾਮਲ ਕੀਤੇ ਗਏ ਹਨ। ਇਸ ਸਮੇਂ ਇਨ੍ਹਾਂ ਪਿੰਡਾਂ ਦਾ ਪੁਲਸ ਸਟੇਸ਼ਨ ਵੀ ਕੀਰਤਪੁਰ ਸਾਹਿਬ ਹੀ ਪੈਂਦਾ ਹੈ। ਇਸ ਕਾਰਨ ਇਹ ਪਿੰਡ ਸਾਡੀ ਸੋਸਾਇਟੀ ਦਾ ਹੀ ਹਿੱਸਾ ਹਨ। ਦੂਸਰਾ ਸਾਡੇ ਵੱਲੋਂ ਇਨ੍ਹਾਂ ਨੂੰ ਕੰਮ ਕਰਨ ਤੋਂ ਨਹੀਂ ਰੋਕਿਆ ਗਿਆ, ਸਗੋਂ ਸੱਤ ਪਿੰਡਾਂ ਦੇ ਲੋਕਾਂ ਨੇ ਪ੍ਰਦੂਸ਼ਣ ਫੈਲਣ ਸਬੰਧੀ ਐੱਸ. ਡੀ. ਐੱਮ. ਰੂਪਨਗਰ ਨੂੰ ਆਪਣੇ ਦਸਤਖਤਾਂ ਹੇਠ ਦਰਖਾਸਤ ਦੇ ਕੇ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਟਰਾਂਸਪੋਰਟਰਾਂ ਕੋਲ ਆਪਣਾ ਇਕ ਵੀ ਟਰੱਕ ਨਹੀਂ ਹੈ। ਇਹ ਬਾਹਰਲੇ ਟਰੱਕਾਂ ਨੂੰ ਮਾਲ ਚੁਕਾਉਂਦੇ ਹਨ। ਸਾਡਾ ਪਹਿਲਾਂ ਤੋਂ ਹੀ ਜੇ. ਪੀ. ਸੀਮੈਂਟ ਕੰਪਨੀ ਨਾਲ ਕੀਰਤਪੁਰ ਸਾਹਿਬ ਏਰੀਏ ਵਿਚੋਂ ਮਾਲ ਦੀ ਢੋਆ-ਢੁਆਈ ਦਾ ਲਿਖਤੀ ਸਮਝੌਤਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਰੱਕ ਯੂਨੀਅਨਾਂ ਭੰਗ ਕੀਤੀਆਂ ਹਨ, ਨਾ ਕਿ ਸਹਿਕਾਰੀ ਟਰਾਂਸਪੋਰਟ ਸੋਸਾਇਟੀਆਂ। ਇਸ ਲਈ ਕੰਮ ਕਰਨ ਦਾ ਅਧਿਕਾਰ ਇਲਾਕੇ ਦੀ ਸੋਸਾਇਟੀ ਦਾ ਹੀ ਬਣਦਾ ਹੈ।